ਮੁੰਬਈ ''ਚ ਇਕ ਹੋਰ ਪੁੱਲ ਹਾਦਸਾ,ਚਰਨੀ ਰੋਡ ਬਰਿੱਜ਼ ਦਾ ਹਿੱਸਾ ਡਿੱਗਣ ਨਾਲ 2 ਜ਼ਖਮੀ

10/15/2017 3:00:47 PM

ਮੁੰਬਈ— ਮੁੰਬਈ ਦੇ ਐਲਫਿੰਸਟਨ ਬਰਿੱਜ਼ ਹਾਦਸੇ ਨੂੰ 15 ਦਿਨ ਵੀ ਨਹੀਂ ਹੋਏ ਸਨ ਕਿ ਸ਼ਨੀਵਾਰ ਦੇਰ ਰਾਤੀ ਮੁੰਬਈ ਦੇ ਚਰਨੀ ਰੋਡ ਸਟੇਸ਼ਨ ਨੇੜੇ ਸਥਿਤ ਫੁਟਓਵਰ ਬਰਿੱਜ਼ ਦਾ ਇਕ ਹਿੱਸਾ ਡਿੱਗਣ ਨਾਲ 2 ਲੋਕ ਜ਼ਖਮੀ ਹੋ ਗਏ। ਇਸ ਪੁੱਲ ਦੀ ਮੁਰੰਮਤ ਲਈ ਕੁਝ ਦਿਨ ਪਹਿਲੇ ਅੰਦੋਲਨ ਕੀਤਾ ਗਿਆ ਸੀ। ਚਰਨੀ ਰੋਡ ਸਟੇਸ਼ਨ ਨੇੜੇ ਪੁੱਲ ਦਾ ਕੁਝ ਹਿੱਸਾ ਡਿੱਗਣ ਨਾਲ ਲੋਕਾਂ ਨੂੰ ਬਹੁਤ ਗੁੱਸਾ ਹੈ।


ਸ਼ਨੀਵਾਰ ਰਾਤੀ ਕਰੀਬ 8.30 ਵਜੇ ਲੋਕ ਫੁਟਓਵਰ ਬਰਿੱਜ਼ 'ਤੇ ਚੜ੍ਹ ਰਹੇ ਸਨ ਕਿ ਉਦੋਂ ਉਸ ਦਾ ਇਕ ਹਿੱਸਾ ਡਿੱਗ ਗਿਆ। ਜ਼ਖਮੀਆਂ 'ਚੋਂ ਇਕ ਵਿਅਕਤੀ ਦੀ ਉਮਰ 67 ਸਾਲਾ ਦੱਸੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਠੀਕ ਸਮੇਂ 'ਤੇ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੁੰਦਾ ਤਾਂ ਇਹ ਹਾਦਸਾ ਨਹੀਂ ਹੁੰਦਾ। ਕੁਝ ਦਿਨ ਪਹਿਲੇ ਵੀ ਮੁੰਬਈ ਦੇ ਐਲਫਿੰਸਟਨ ਸਟੇਸ਼ਨ 'ਤੇ ਮਚੀ ਭੱਜ-ਦੌੜ 'ਚ 23 ਲੋਕਾਂ ਦੀ ਮੌਤ ਹੋ ਗਈ ਸੀ। ਹਾਦਸੇ 'ਚ 39 ਲੋਕ ਜ਼ਖਮੀ ਹੋ ਗਏ ਸਨ। ਗਲਤ ਅਫਵਾਹਾਂ ਕਾਰਨ ਭੱਜ-ਦੌੜ ਮੱਚੀ ਸੀ। ਪਹਿਲੀ ਅਫਵਾਹ ਸੀ ਕਿ ਭਾਰੀ ਬਾਰਸ਼ ਦੇ ਵਿਚਕਾਰ ਸ਼ਾਰਟ ਸਰਕਟ ਹੋ ਗਿਆ ਹੈ ਅਤੇ ਦੂਜੀ ਅਫਵਾਹ ਸੀ ਕਿ ਬਰਿੱਜ਼ ਦਾ ਕੁਝ ਹਿੱਸਾ ਟੁੱਟ ਕੇ ਹੇਠਾਂ ਡਿੱਗ ਰਿਹਾ ਹੈ।