US-ਯੂਰੋਪ ਤੋਂ ਬਾਅਦ ਭਾਰਤ ''ਚ ਆਈ ਇਹ ਖਤਰਨਾਕ ਬਿਮਾਰੀ, ਸੂਰਤ ''ਚ ਪਹਿਲਾ ਮਾਮਲਾ

07/24/2020 1:21:21 AM

ਅਹਿਮਦਾਬਾਦ - ਅਜੇ ਤੱਕ ਦੇਸ਼ 'ਚ ਲੋਕ ਕੋਰੋਨਾ ਵਾਇਰਸ ਤੋਂ ਪ੍ਰੇਸ਼ਾਨ ਸਨ, ਹੁਣ ਦੇਸ਼ 'ਚ ਇੱਕ ਹੋਰ ਖ਼ਤਰਨਾਕ ਬਿਮਾਰੀ ਆ ਚੁੱਕੀ ਹੈ। ਇਸ ਬਿਮਾਰੀ ਦਾ ਪਹਿਲਾ ਮਾਮਲਾ ਗੁਜਰਾਤ ਦੇ ਸੂਰਤ 'ਚ ਦੇਖਣ ਨੂੰ ਮਿਲਿਆ ਹੈ। ਸੂਰਤ 'ਚ ਇੱਕ ਬੱਚੇ 'ਚ ਇਸ ਬਿਮਾਰੀ ਦੇ ਲੱਛਣ ਦੇਖੇ ਗਏ ਹਨ। ਇਸ ਬਿਮਾਰੀ ਦਾ ਨਾਮ ਹੈ ਮਲਟੀ ਸਿਸਟਮ ਇੰਫਲੇਮੇਟਰੀ ਸਿੰਡਰੋਮ (Multisystem Inflammatory Syndrome)। ਇਸ ਨੂੰ MIS-C ਵੀ ਕਹਿੰਦੇ ਹਨ। ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੂਰਤ ਅਤੇ ਗੁਜਰਾਤ 'ਚ ਲੋਕਾਂ ਦੀ ਚਿੰਤਾ ਵੱਧ ਗਈ ਹੈ।

ਸੂਰਤ 'ਚ ਰਹਿਣ ਵਾਲੇ ਇੱਕ ਪਰਿਵਾਰ ਦੇ 10 ਸਾਲਾ ਬੱਚੇ ਦੇ ਸਰੀਰ 'ਚ MIS-C ਯਾਨੀ ਮਲਟੀ ਸਿਸਟਮ ਇੰਫਲੇਮੇਟਰੀ ਸਿੰਡਰੋਮ ਦੇ ਲੱਛਣ ਦੇਖੇ ਗਏ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਇਹ ਬਿਮਾਰੀ ਅਜੇ ਤੱਕ ਸਿਰਫ ਅਮਰੀਕਾ ਅਤੇ ਯੂਰੋਪੀ ਦੇਸ਼ਾਂ 'ਚ ਹੁੰਦੀ ਸੀ। ਜ਼ਿਆਦਾਤਰ ਮਾਮਲੇ ਉਥੇ ਹੀ ਦਿਖਦੇ ਸਨ।

ਪਰਿਵਾਰ ਨੇ ਆਪਣੇ ਬੇਟੇ ਨੂੰ ਸੂਰਤ ਦੇ ਇੱਕ ਹਸਪਤਾਲ 'ਚ ਦਾਖਲ ਕੀਤਾ ਹੈ। ਬੱਚੇ ਨੂੰ ਬੁਖਾਰ ਹੈ। ਉਸ ਨੂੰ ਉਲਟੀ, ਖੰਘ, ਦਸਤ ਹੋ ਰਹੇ ਹਨ। ਨਾਲ ਹੀ ਉਸ ਦੀਆਂ ਅੱਖਾਂ ਅਤੇ ਬੁੱਲ੍ਹ ਵੀ ਲਾਲ ਹੋ ਗਏ ਹਨ। ਪਹਿਲਾਂ ਸੂਰਤ ਦੇ ਡਾ. ਆਸ਼ੀਸ਼ ਗੋਟੀ ਨੇ ਬੱਚੇ ਨੂੰ ਦੇਖਿਆ। ਫਿਰ ਉਨ੍ਹਾਂ ਨੇ ਸੂਰਤ ਅਤੇ ਮੁੰਬਈ ਦੇ ਹੋਰ ਡਾਕਟਰਾਂ ਦੀ ਸਲਾਹ ਲਈ। ਜਾਂਚ ਰਿਪੋਰਟ ਆਈ ਤਾਂ ਪਤਾ ਲੱਗਾ ਕਿ ਬੱਚੇ ਦੇ ਸਰੀਰ 'ਚ ਮਲਟੀ ਸਿਸਟਮ ਇੰਫਲੇਮੇਟਰੀ ਸਿੰਡਰੋਮ ਦੇ ਲੱਛਣ ਹਨ।

ਇਸ ਸਮੇਂ ਇਸ ਖਤਰਨਾਕ ਬਿਮਾਰੀ ਨਾਲ ਜੂਝ ਰਹੇ ਇਸ ਬੱਚੇ ਦੇ ਦਿਲ ਦੀ ਪੰਪਿੰਗ 30 ਫੀਸਦੀ ਘੱਟ ਗਈ ਸੀ। ਉਸ ਦੇ ਸਰੀਰ ਦੀਆਂ ਨਾੜੀਆਂ ਸੁੱਜੀਆਂ ਹੋਈਆਂ ਸਨ। ਇਸ ਵਜ੍ਹਾ ਨਾਲ ਉਸ ਨੂੰ ਦਿਲ ਦਾ ਦੌਰਾ ਪੈ ਸਕਦਾ ਸੀ ਪਰ ਸੱਤ ਦਿਨ ਦੇ ਇਲਾਜ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ ਪਰ ਡਾਕਟਰਾਂ ਨੇ ਇਸ ਬਿਮਾਰੀ ਦੇ ਦੇਸ਼ 'ਚ ਫੈਲਣ ਦਾ ਸ਼ੱਕ ਜ਼ਾਹਿਰ ਕੀਤਾ ਹੈ।

ਇਹ ਪਹਿਲਾ ਮਾਮਲਾ ਹੈ ਜਦੋਂ ਕੋਰੋਨਾ ਤੋਂ ਇਲਾਵਾ MIS-C ਨਾਮਕ ਬਿਮਾਰੀ ਸੂਰਤ 'ਚ ਸਾਹਮਣੇ ਆਈ ਹੈ। ਅਜਿਹੇ 'ਚ ਆਪਣੇ ਬੱਚਿਆਂ ਨੂੰ ਜ਼ਿਆਦਾ ਸੁਚੇਤ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਇਹ ਬਿਮਾਰੀ ਬੱਚਿਆਂ ਨੂੰ ਸ਼ਿਕਾਰ ਬਣਾਉਂਦੀ ਹੈ।

Inder Prajapati

This news is Content Editor Inder Prajapati