ਮੁਲਾਇਮ ਬੋਲੇ— ਭਾਰਤ ਨੂੰ ਖਤਰਾ ਪਾਕਿਸਤਾਨ ਤੋਂ ਨਹੀਂ, ਚੀਨ ਤੋਂ ਹੈ

07/28/2016 3:48:24 PM

ਨਵੀਂ ਦਿੱਲੀ— ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਨੇ ਉੱਤਰਾਖੰਡ ''ਚ ਹਾਲ ਹੀ ''ਚ ਹੋਈ ਚੀਨ ਦੀ ਘੁਸਪੈਠ ਦੇ ਮਾਮਲੇ ''ਚ ਵੀਰਵਾਰ ਨੂੰ ਫਿਰ ਤੋਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਦੇਸ਼ ਨੂੰ ਅਸਲੀ ਖਤਰਾ ਪਾਕਿਸਤਾਨ ਤੋਂ ਨਹੀਂ ਸਗੋਂ ਕਿ ਚੀਨ ਤੋਂ ਹੈ ਅਤੇ ਉਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਲੋਕ ਸਭਾ ਵਿਚ ਵੀਰਵਾਰ ਨੂੰ ਸਿਫਰਕਾਲ ਦੌਰਾਨ ਕਾਂਗਰਸ ਦੇ ਜੋਤੀਰਾਦਿੱਤਯ ਸਿੰਧੀਆ ਵਲੋਂ ਇਹ ਮਾਮਲਾ ਚੁੱਕੇ ਜਾਣ ਤੋਂ ਬਾਅਦ ਯਾਦਵ ਨੇ ਕਿਹਾ ਕਿ ਉੱਤਰਾਖੰਡ ''ਚ ਚੀਨ ਦੀ ਘੁਸਪੈਠ ਦਾ ਮਾਮਲਾ ਕਾਫੀ ਗੰਭੀਰ ਹੈ ਅਤੇ ਦੇਸ਼ ਅਤੇ ਸਰਕਾਰ ਨੂੰ ਚੀਨ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਚੀਨ ਦੀ ਇਹ ਨੀਤੀ ਰਹੀ ਹੈ ਕਿ ਜਦੋਂ ਉਹ ਕਮਜ਼ੋਰ ਹੁੰਦਾ ਹੈ ਤਾਂ ਚੁੱਪ ਬੈਠ ਜਾਂਦਾ ਹੈ ਅਤੇ ਜਦੋਂ ਉਸ ਦੀ ਤਾਕਤ ਵਧਣ ਲੱਗਦੀ ਹੈ ਤਾਂ ਉਹ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਯਾਦਵ ਨੇ ਕਿਹਾ ਕਿ ਚੀਨ ਨੇ ਪਾਕਿਸਤਾਨ ਨਾਲ ਗਠਜੋੜ ਕੀਤਾ ਹੈ। ਇਸ ਲਈ ਸਾਨੂੰ ਪਾਕਿਸਤਾਨ ਨਾਲ ਆਪਣੇ ਰਿਸ਼ਤੇ ਖਰਾਬ ਨਹੀਂ ਕਰਨੇ ਚਾਹੀਦੇ ਅਤੇ ਉਸ ਨਾਲ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਾਕਿਸਤਾਨ ਨੂੰ ਕਹਿਣਾ ਚਾਹੀਦਾ ਹੈ ''ਮੈਂ ਵੱਡਾ ਭਰਾ ਹਾਂ ਤੂੰ ਛੋਟਾ ਭਰਾ ਹੈ।'' ਇਸ ਤਰ੍ਹਾਂ ਪਾਕਿਸਤਾਨ ਨੂੰ ਆਪਣੇ ਵੱਲ ਕਰ ਲਵੋ। 
ਪਾਕਿਸਤਾਨ ਨੂੰ ਢਾਲ ਬਣਾ ਕੇ ਚੀਨ ਸਾਡੇ ''ਤੇ ਹਮਲਾ ਕਰ ਰਿਹਾ ਹੈ। ਚੀਨ ਦੇ ਮਾਮਲੇ ਵਿਚ ਸਰਕਾਰ ਨੂੰ ਕਮਜ਼ੋਰੀ ਨਾ ਦਿਖਾਉਂਦੇ ਹੋਏ ਉਸ ਦੀਆਂ ਧਮਕੀਆਂ ਦਾ ਉੱਤਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਨੇ ਭਾਰਤ ਨੂੰ ਕਦੇ ਦੋਸਤ ਨਹੀਂ ਮੰਨਿਆ ਹੈ। ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਚੀਨ ਪ੍ਰਤੀ ਸਦਭਾਵਨਾ ਦਿਖਾਈ ਪਰ ਬਦਲੇ ''ਚ ਉਸ ਨੇ ਭਾਰਤ ''ਤੇ 1962 ''ਚ ਹਮਲਾ ਕਰ ਦਿੱਤਾ। ਯਾਦਵ ਨੇ ਕਿਹਾ ਕਿ ਚੀਨ ਸਾਡੇ ਦੇਸ਼ ਦੇ ਕਾਫੀ ਵੱਡੇ ਭੂ-ਭਾਗ ਨੂੰ ਦਬਾਅ ਕੇ ਬੈਠਾ ਹੈ, ਇਸ ਲਈ ਉਸ ਨਾਲ ਉਦੋਂ ਤੱਕ ਗੱਲਬਾਤ ਨਹੀਂ ਕੀਤੀ ਜਾਣੀ ਚਾਹੀਦੀ, ਜਦੋਂ ਤੱਕ ਉਹ ਇਹ ਜ਼ਮੀਨ ਵਾਪਸ ਨਹੀਂ ਕਰ ਦਿੰਦਾ ਹੈ।

Tanu

This news is News Editor Tanu