ਜੇਲ੍ਹਰ ਨੂੰ ਧਮਕਾਉਣ ਦੇ ਮਾਮਲੇ 'ਚ ਮੁਖਤਾਰ ਅੰਸਾਰੀ ਦੋਸ਼ੀ ਕਰਾਰ, 7 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ

09/21/2022 2:02:10 PM

ਲਖਨਊ (ਭਾਸ਼ਾ)- ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਬੁੱਧਵਾਰ ਨੂੰ ਜੇਲ੍ਹਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ 'ਚ ਮਾਫੀਆ ਤੋਂ ਨੇਤਾ ਬਣੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਦੋਸ਼ੀ ਠਹਿਰਾਉਂਦਿਆਂ 7 ਸਾਲ ਕੈਦ ਦੀ ਸਜ਼ਾ ਅਤੇ 37 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਸਟਿਸ ਦਿਨੇਸ਼ ਕੁਮਾਰ ਸਿੰਘ ਦੇ ਸਿੰਗਲ ਬੈਂਚ ਨੇ ਰਾਜ ਸਰਕਾਰ ਦੀ ਅਪੀਲ ਨੂੰ ਮਨਜ਼ੂਰੀ ਦਿੰਦੇ ਹੋਏ ਇਹ ਹੁਕਮ ਦਿੱਤਾ ਹੈ।

ਮਾਮਲੇ ਅਨੁਸਾਰ ਸਾਲ 2003 'ਚ ਲਖਨਊ ਦੇ ਸਾਬਕਾ ਜੇਲ੍ਹਰ ਐੱਸ.ਕੇ. ਅਵਸਥੀ ਨੇ ਅੰਸਾਰੀ ਖ਼ਿਲਾਫ਼ ਆਲਮਬਾਗ ਪੁਲਸ ਸਟੇਸ਼ਨ 'ਚ ਮੁਕੱਦਮਾ ਦਰਜ ਕਰਵਾਇਆ ਸੀ, ਜਿਸ 'ਚ ਦੋਸ਼ ਲਾਇਆ ਗਿਆ ਸੀ ਕਿ ਜੇਲ੍ਹ 'ਚ ਮੁਖਤਾਰ ਅੰਸਾਰੀ ਨੂੰ ਮਿਲਣ ਆਏ ਲੋਕਾਂ ਦੀ ਤਲਾਸ਼ੀ ਲੈਣ ਦਾ ਹੁਕਮ ਦੇਣ 'ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਅਵਸਥੀ ਨੇ ਇਹ ਵੀ ਦੋਸ਼ ਲਾਇਆ ਸੀ ਕਿ ਅੰਸਾਰੀ ਨੇ ਉਸ ਨਾਲ ਬਦਸਲੂਕੀ ਕਰਦੇ ਹੋਏ ਉਸ ਵੱਲ ਪਿਸਤੌਲ ਵੀ ਤਾਣੀ ਸੀ। ਅੰਸਾਰੀ ਨੂੰ ਹੇਠਲੀ ਅਦਾਲਤ ਨੇ ਇਸ ਮਾਮਲੇ 'ਚ ਬਰੀ ਕਰ ਦਿੱਤਾ ਸੀ, ਜਿਸ ਖ਼ਿਲਾਫ਼ ਸਰਕਾਰ ਨੇ ਅਪੀਲ ਦਾਇਰ ਕੀਤੀ ਸੀ।

DIsha

This news is Content Editor DIsha