ਪੁਰਾਣੇ ਸੰਸਦ ਭਵਨ ਤੋਂ ਵਿਦਾਈ ਲੈਣ ਤੋਂ ਪਹਿਲਾਂ ਸੰਸਦ ਮੈਂਬਰਾਂ ਨੇ ਖਿੱਚਵਾਈ ਸਮੂਹਿਕ ਤਸਵੀਰ

09/19/2023 1:32:07 PM

ਨਵੀਂ ਦਿੱਲੀ- ਰੰਗ-ਬਿਰੰਗੇ ਕੱਪੜਿਆਂ 'ਚ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰਾਂ ਨੇ ਸੰਸਦ ਦੀ ਕਾਰਵਾਈ ਨੂੰ ਨਵੇਂ ਸੰਸਦ ਭਵਨ ਵਿਚ ਤਬਦੀਲ ਕਰਨ ਤੋਂ ਕੁਝ ਘੰਟੇ ਪਹਿਲਾਂ ਮੰਗਲਵਾਰ ਨੂੰ ਪੁਰਾਣੇ ਸੰਸਦ ਭਵਨ 'ਚ ਇਕ ਸਮੂਹਿਕ ਤਸਵੀਰ ਖਿੱਚਵਾਈ। ਇਸ ਦੌਰਾਨ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ,  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਪੁਰਾਣੇ ਸੰਸਦ ਭਵਨ ਦੇ ਅੰਦਰਲੇ ਵਿਹੜੇ 'ਚ ਪਹਿਲੀ ਕਤਾਰ 'ਚ ਬੈਠੇ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ, ਲੋਕ ਸਭਾ 'ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ, ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਸਮਾਜਵਾਦੀ ਪਾਰਟੀ (ਸਪਾ) ਦੇ ਲੋਕ ਸਭਾ ਮੈਂਬਰ ਸ਼ਫੀਕ-ਉਰ-ਰਹਿਮਾਨ, ਦਿੱਗਜ ਨੇਤਾ ਸ਼ਰਦ ਪਵਾਰ (ਰਾਸ਼ਟਰਵਾਦੀ ਕਾਂਗਰਸ ਪਾਰਟੀ), ਫਾਰੂਕ ਅਬਦੁੱਲਾ (ਨੈਸ਼ਨਲ ਕਾਨਫਰੰਸ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇਪੀ ਨੱਢਾ ਵੀ ਅਗਲੀ ਕਤਾਰ ਵਿਚ ਬੈਠੇ ਨੇਤਾਵਾਂ 'ਚ ਸ਼ਾਮਲ ਸਨ। ਮਹਿਲਾ ਮੈਂਬਰ ਰੰਗ-ਬਿਰੰਗੀਆਂ ਸਾੜੀਆਂ ਪਾ ਕੇ ਪੁਰਾਣੇ ਸੰਸਦ ਭਵਨ ਪਹੁੰਚੀਆਂ, ਜਦੋਂ ਕਿ ਜ਼ਿਆਦਾਤਰ ਮਰਦ ਸੰਸਦ ਮੈਂਬਰ ਵੱਖ-ਵੱਖ ਰੰਗਾਂ ਦੇ ਕੁੜਤਾ-ਪਜਾਮਾ ਅਤੇ ‘ਵੈਸਟ-ਕੋਟ’ ਪਹਿਨੇ ਨਜ਼ਰ ਆਏ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮਨੀਸ਼ ਤਿਵਾੜੀ ਦੇ ਨਾਲ ਦੂਜੀ ਕਤਾਰ 'ਚ ਖੜ੍ਹੇ ਵੇਖਿਆ ਗਿਆ। ਫੋਟੋ ਕਲਿੱਕ ਕਰਦੇ ਸਮੇਂ ਰਾਜ ਸਭਾ ਅਤੇ ਲੋਕ ਸਭਾ ਦੇ ਕੁਝ ਮੈਂਬਰ ਫਰਸ਼ 'ਤੇ ਬੈਠੇ ਦਿਖਾਈ ਦਿੱਤੇ। ਇਸ ਤੋਂ ਬਾਅਦ ਰਾਜ ਸਭਾ ਅਤੇ ਫਿਰ ਲੋਕ ਸਭਾ ਦੇ ਮੈਂਬਰਾਂ ਨੇ ਗਰੁੱਪ ਫੋਟੋਆਂ ਖਿਚਵਾਈਆਂ।

Tanu

This news is Content Editor Tanu