ਚਰਚਾ ''ਚ ਬਣਿਆ ਵਿਆਹ: ਲਾੜੇ ਨੇ ਇਕ ਹੀ ਮੰਡਪ ''ਚ ਦੋ ਲਾੜੀਆਂ ਨਾਲ ਲਏ ਸੱਤ ਫੇਰੇ

07/11/2020 1:18:21 PM

ਬੈਤੂਲ— ਅੱਜ ਦੇ ਸਮੇਂ 'ਚ ਜ਼ਿਆਦਾਤਰ ਨੌਜਵਾਨ ਮੁੰਡੇ-ਕੁੜੀਆਂ ਮਾਪਿਆਂ ਦੀ ਪਸੰਦ ਨੂੰ ਦਰਕਿਨਾਰ ਕਰਦੇ ਹੋਏ ਆਪਣੀ ਮਨਪਸੰਦ ਨੂੰ ਵਧੇਰੇ ਤਵੱਜੋਂ ਦਿੱਤੇ ਹਨ। ਕਹਿਣ ਦਾ ਭਾਵ ਹੈ ਕਿ ਗਰਲਫਰੈਂਡ-ਬੁਆਏਫਰੈਂਡ 'ਚ ਲਵ ਮੈਰਿਜ ਦਾ ਰਿਵਾਜ ਵਧੇਰੇ ਹੈ। ਮਾਪਿਆਂ ਵਲੋਂ ਪਸੰਦ ਕੀਤੇ ਗਏ ਰਿਸ਼ਤੇ ਘੱਟ ਹੀ ਪ੍ਰਵਾਨ ਚੜ੍ਹ ਰਹੇ ਹਨ। ਪਰ ਮੱਧ ਪ੍ਰਦੇਸ਼ 'ਚ ਇਕ ਅਜਿਹਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਆਹ ਦੇ ਮੰਡਪ 'ਚ ਲਾੜੇ ਨੇ ਦੋ ਲਾੜੀਆਂ ਨਾਲ ਸੱਤ ਫੇਰੇ ਲਏ। ਜਿਸ 'ਚ ਇਕ ਉਸ ਦੀ ਗਰਲਫਰੈਂਡ ਸੀ ਅਤੇ ਦੂਜੀ ਉਸ ਦੇ ਮਾਪਿਆਂ ਦੀ ਪਸੰਦ ਕੀਤੀ ਗਈ ਕੁੜੀ। ਇਸ ਵਿਆਹ ਸਮਾਰੋਹ ਵਿਚ ਕਈ ਪਿੰਡ ਵਾਸੀ ਅਤੇ ਤਿੰਨ ਪਰਿਵਾਰ ਮੌਜੂਦ ਰਹੇ। ਇਹ ਅਨੋਖਾ ਵਿਆਹ ਮੱਧ ਪ੍ਰਦੇਸ਼ ਦੇ ਬੈਤੂਲ 'ਚ 8 ਜੁਲਾਈ ਨੂੰ ਹੋਇਆ।

ਬੈਤੂਲ ਦੇ ਰਹਿਣ ਵਾਲੇ ਸੰਦੀਪ ਉਈਕੇ ਨੇ 8 ਜੁਲਾਈ ਨੂੰ ਜ਼ਿਲ੍ਹਾ ਹੈੱਡਕੁਆਰਟਰ ਤੋਂ ਲੱਗਭਗ 40 ਕਿਲੋਮੀਟਰ ਦੂਰ ਘੋਡਾਡੋਂਗਰੀ ਬਲਾਕ ਦੇ ਕੇਰੀਆ ਪਿੰਡ ਵਿਚ ਇਹ ਵਿਆਹ ਕਰਵਾਇਆ। ਹੁਣ ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲ ਦੀ ਤਫਤੀਸ਼ ਕਰ ਰਿਹਾ ਹੈ ਕਿ ਆਖਰਕਾਰ ਇਹ ਹੋਇਆ ਕਿਵੇਂ। ਦਰਅਸਲ ਸੰਦੀਪ ਨੇ ਜਿਨ੍ਹ੍ਹਾਂ ਕੁੜੀਆਂ ਨਾਲ ਵਿਆਹ ਕਰਵਾਇਆ ਹੈ, ਉਨ੍ਹਾਂ 'ਚੋਂ ਇਕ ਹੋਸ਼ੰਗਾਬਾਦ ਜ਼ਿਲ੍ਹੇ ਅਤੇ ਦੂਜੀ ਕੋਯਲਾਰੀ ਪਿੰਡ ਦੀ ਰਹਿਣ ਵਾਲੀ ਹੈ। ਸੰਦੀਪ ਹੋਸ਼ੰਗਾਬਾਦ ਦੀ ਕੁੜੀ ਨਾਲ ਉਸ ਸਮੇਂ ਸੰਪਰਕ ਵਿਚ ਆਇਆ, ਜਦੋਂ ਉਹ ਭੋਪਾਲ 'ਚ ਪੜ੍ਹਾਈ ਕਰ ਰਿਹਾ ਸੀ। ਸੰਦੀਪ ਦੇ ਮਾਪਿਆਂ ਨੇ ਉਸ ਦਾ ਵਿਆਹ ਪਰਿਵਾਰ ਵਾਲਿਆਂ ਦੀ ਪਸੰਦ ਨਾਲ ਕਰਨ ਲਈ ਕਿਹਾ। 

ਇਸ ਨਾਲ ਵਿਵਾਦ ਖੜ੍ਹਾ ਹੋ ਗਿਆ ਅਤੇ ਤਿੰਨਾਂ ਪਰਿਵਾਰਾਂ ਨੇ ਇਸ ਲਈ ਪੰਚਾਇਤ ਕੋਲ ਜਾਣ ਦਾ ਫੈਸਲਾ ਕੀਤਾ। ਇਹ ਤੈਅ ਹੋਇਆ ਕਿ ਜੇਕਰ ਦੋਵੇਂ ਕੁੜੀਆਂ ਸੰਦੀਪ ਨਾਲ ਰਹਿਣ ਲਈ ਰਾਜ਼ੀ ਹਨ ਤਾਂ ਫਿਰ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਜਾਵੇਗਾ। ਇਸ 'ਤੇ ਦੋਹਾਂ ਕੁੜੀਆਂ ਨੇ ਸਹਿਮਤੀ ਜਤਾਈ। ਇਹ ਵਿਆਹ ਸਮਾਰੋਹ ਕੇਰੀਆ ਪਿੰਡ ਵਿਚ ਆਯੋਜਿਤ ਕੀਤਾ ਗਿਆ ਸੀ। ਸੰਦੀਪ ਨੇ ਦੋਹਾਂ ਲਾੜੀਆਂ ਨਾਲ ਇਕ ਹੀ ਮੰਡਪ 'ਚ ਸੱਤ ਫੇਰੇ ਲੈ ਕੇ ਵਿਆਹ ਦੀ ਰਸਮ ਅਦਾ ਕੀਤੀ। ਜ਼ਿਲ੍ਹਾ ਪੰਚਾਇਤ ਘੋਡਾਡੋਂਗਰੀ ਦੇ ਉੱਪ ਪ੍ਰਧਾਨ ਅਤੇ ਵਿਆਹ ਦੇ ਗਵਾਹ ਮਿਸ਼ਰੀਲਾਲ ਪਰਤੇ ਨੇ ਕਿਹਾ ਕਿ ਤਿੰਨੋਂ ਪਰਿਵਾਰਾਂ ਨੂੰ ਇਸ ਵਿਆਹ ਤੋਂ ਕੋਈ ਇੰਤਰਾਜ਼ ਨਹੀਂ ਸੀ ਅਤੇ ਉਨ੍ਹਾਂ ਨੇ ਖੁਦ ਅੱਗੇ ਵੱਧਣ ਦਾ ਫੈਸਲਾ ਕੀਤਾ ਹੈ।


Tanu

Content Editor

Related News