ਕਾਂਗਰਸ ਵਲੋਂ MP 'ਚ ਸਰਕਾਰ ਬਣਾਉਣ ਦਾ ਦਾਅਵਾ, ਕੁਰਸੀ ਨੂੰ ਲੈ ਕੇ ਖਿੱਚੋਤਾਣ

12/12/2018 4:20:44 PM

ਭੋਪਾਲ (ਭਾਸ਼ਾ)— ਮੱਧ ਪ੍ਰਦੇਸ਼ (ਐੱਮ. ਪੀ.) ਵਿਧਾਨ ਸਭਾ ਚੋਣਾਂ 'ਚ 114 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਕਾਂਗਰਸ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਸਮਾਜਵਾਦੀ ਪਾਰਟੀ (ਸਪਾ) ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਦਰਮਿਆਨ ਕਾਂਗਰਸ ਦੇ ਸੀਨੀਅਰ ਨੇਤਾ ਕਮਲਨਾਥ ਅਤੇ ਜਯੋਤਿਰਾਦਿੱਤਯ ਸਿੰਧੀਆ ਨੇ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨਾਲ ਮੁਲਾਕਾਤ ਕੀਤੀ ਅਤੇ ਮੱਧ ਪ੍ਰਦੇਸ਼ 'ਚ ਪਾਰਟੀ ਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਦੌਰਾਨ ਸੀਨੀਅਰ ਕਾਂਗਰਸ ਨੇਤਾ ਦਿਗਵਿਜੇ ਸਿੰਘ, ਅਰੁਣ ਯਾਦਵ ਅਤੇ ਵਿਵੇਕ ਤਨਖਾ ਵੀ ਮੌਜੂਦ ਸਨ। ਤਕਰੀਬਨ 20 ਮਿੰਟ ਤਕ ਚਲੀ ਇਸ ਮੁਲਾਕਾਤ ਤੋਂ ਬਾਅਦ ਦੋਵੇਂ ਨੇਤਾ ਰਾਜ ਭਵਨ ਤੋਂ ਬਾਹਰ ਆਏ ਅਤੇ ਉੱਥੇ ਵੱਡੀ ਗਿਣਤੀ ਵਿਚ ਮੌਜੂਦ ਮੀਡੀਆ ਕਰਮਚਾਰੀਆਂ ਦੇ ਸਾਹਮਣੇ 'ਵਿਕਟਰੀ ਸਾਈਨ' ਦਿਖਾਇਆ।

ਖਾਸ ਗੱਲ ਇਹ ਹੈ ਕਿ ਮੱਧ ਪ੍ਰਦੇਸ਼ 'ਚ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਖਿੱਚੋਤਾਣ ਸ਼ੁਰੂ ਹੋ ਗਈ ਹੈ। ਕਮਲਨਾਥ ਅਤੇ ਸਿੰਧੀਆ ਨੇ ਵਿਧਾਇਕਾਂ ਨਾਲ ਵੱਖ-ਵੱਖ ਬੈਠਕ ਕੀਤੀ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਲਈ 230 ਸੀਟਾਂ ਲਈ ਚੋਣਾਂ ਦੇ ਨਤੀਜੇ ਸਾਫ ਹੋ ਗਏ ਹਨ। ਕਾਂਗਰਸ 114 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਹਾਲਾਂਕਿ ਸਰਕਾਰ ਬਣਾਉਣ ਲਈ ਉਸ ਕੋਲ ਦੋ ਸੀਟਾਂ ਦੀ ਕਮੀ ਸੀ, ਬਸਪਾ ਅਤੇ ਸਪਾ ਨੇ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੂਰਨ ਬਹੁਮਤ ਪ੍ਰਾਪਤ ਹੋ ਗਿਆ ਹੈ। ਉੱਥੇ ਹੀ ਸੂਬੇ ਵਿਚ 15 ਸਾਲਾਂ ਤੋਂ ਸੱਤਾ 'ਤੇ ਕਾਬਜ਼ ਭਾਜਪਾ 109 ਸੀਟਾਂ ਨਾਲ ਦੂਜੇ ਨੰਬਰ 'ਤੇ ਹੈ।  ਓਧਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਚੌਹਾਨ ਨੇ ਸਪੱਸ਼ਟ ਕੀਤਾ ਹੈ ਕਿ ਭਾਜਪਾ ਪ੍ਰਦੇਸ਼ ਵਿਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕਰੇਗੀ।

Tanu

This news is Content Editor Tanu