ਖੁੱਲ੍ਹੀਆਂ ਥਾਵਾਂ ’ਤੇ ਕੂੜਾ ਸੁੱਟਣ ਵਾਲਿਆਂ ਦੇ ਘਰਾਂ ਦੇ ਬਾਹਰ ਵਜਾਈ ਜਾਵੇਗੀ ‘ਰਾਮ ਧੁਨ’

12/05/2021 11:00:35 AM

ਗਵਾਲੀਅਰ (ਭਾਸ਼ਾ)- ਇਸ ਸਾਲ ਵੀ ਕੌਮੀ ਸਵੱਛਤਾ ਰੈਂਕਿੰਗ ’ਚ ਪਿਛੜਣ ਪਿੱਛੋਂ ਹਰਕਤ ’ਚ ਆਉਂਦਿਆਂ ਗਵਾਲੀਅਰ ਨਗਰ ਨਿਗਮ ਨੇ ਖੁੱਲ੍ਹੀਆਂਥਾਵਾਂ ’ਤੇ ਕੂੜਾ ਸੁੱਟਣ ਵਾਲਿਆਂ ਨੂੰ ਸਮਝਾਉਣ ਲਈ ਉਨ੍ਹਾਂ ਦੇ ਘਰਾਂ ਦੇ ਬਾਹਰ ਰਾਮ ਧੁਨ ਵਜਾਉਣ ਦਾ ਫੈਸਲਾ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਦੱਸਿਆ ਕਿ ਰਾਮ ਧੁਨ ਦਾ ਜਾਪ ਕਰਨ ਵਾਲੇ ਭਜਨ ਗਾਇਕਾਂ ਨੂੰ ਘਰਾਂ ਦੇ ਬਾਹਰ ਭੇਜਣ ਦਾ ਕਦਮ ਚੁੱਕਣ ਦਾ ਉਦੇਸ਼ ਸੜਕਾਂ ਜਾਂ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਦੇ ਕੰਮ ’ਤੇ ਸ਼ਰਮਿੰਦਾ ਕਰ ਕੇ ਲੋਕਾਂ ਨੂੰ ਸੁਧਾਰਨ ਦਾ ਹੈ। ਨਗਰ ਨਿਗਮ ਦੇ ਕਮਿਸ਼ਨਰ ਕਿਸ਼ੋਰ ਨੇ ਦੱਸਿਆ ਕਿ ਅਜੇ ਬਹੁਤ ਸਾਰੇ ਲੋਕ ਆਪਣੇ ਘਰਾਂ ਕੋਲ ਖਾਲੀ ਪਈਆਂ ਜਨਤਕ ਥਾਵਾਂ ’ਤੇ ਕੂੜਾ ਸੁੱਟਦੇ ਹਨ। ਰਾਮ ਧੁਨ ਵਜਾਉਣ ’ਤੇ ਵੀ ਜੇ ਸੁਧਾਰ ਨਾ ਹੋਇਆ ਤਾਂ ਲੋਕਾਂ ਨੂੰ ਜੁਰਮਾਨਾ ਕੀਤਾ ਜਾਵੇਗਾ।

ਗਵਾਲੀਅਰ ਨਗਰ ਨਿਗਮ ਦੇ ਕਸ਼ਿਮਨਰ ਕਿਸ਼ੋਰ ਨੇ ਕਿਹਾ ਕਿ ਨਿਗਮ ਦੇ ਕਾਮੇ ਵਾਹਨਾਂ ਜ਼ਰੀਏ ਘਰ-ਘਰ ਜਾ ਕੇ ਕੂੜਾ ਇਕੱਠਾ ਕਰਦੇ ਹਨ ਪਰ ਕਈ ਲੋਕ ਹੁਣ ਵੀ ਆਪਣੇ ਘਰਾਂ ਦੇ ਬਾਹਰ, ਸੜਕਾਂ ’ਤੇ ਜਾਂ ਖੁੱਲ੍ਹੀਆਂ ਥਾਵਾਂ ’ਤੇ ਕੂੜਾ ਸੁੱਟ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਆਪਣੇ ਘਰੇਲੂ ਕੂੜੇ ਨੂੰ ਨਿਗਮ ਦੇ ਵਾਹਨਾਂ ਵਿਚ ਪਾਉਣ ਪਰ ਉਹ ਆਪਣੇ ਤਰੀਕੇ ਨਹੀਂ ਬਦਲਦੇ ਤਾਂ ਭਜਨ ਗਾਇਕਾਂ ਦੇ ਇਕ ਸਮੂਹ ਨੂੰ ਰਾਮ ਧੁਨ ਵਜਾਉਣ ਲਈ ਉਨ੍ਹਾਂ ਦੇ ਘਰਾਂ ਦੇ ਬਾਹਰ ਭੇਜਿਆ ਜਾਵੇਗਾ ਅਤੇ ਜੇਕਰ ਸਥਿਤੀ ਵਿਚ ਤਾਂ ਵੀ ਸੁਧਾਰ ਨਹੀਂ ਹੋਇਆ ਤਾਂ ਅਜਿਹੇ ਲੋਕਾਂ ’ਤੇ ਜੁਰਮਾਨਾ ਲਾਇਆ ਜਾਵੇਗਾ। 

ਦੱਸ ਦੇਈਏ ਕਿ ਸਵੱਛਤਾ ਸਰਵੇਖਣ ’ਚ ਗਵਾਲੀਅਰ ਪਿਛਲੇ ਸਾਲ 12ਵੇਂ ਸਥਾਨ ਤੋਂ ਫਿਸਲ ਕੇ 15ਵੇਂ ਸਥਾਨ ’ਤੇ ਆ ਗਿਆ ਹੈ। ਮੱਧ ਪ੍ਰਦੇਸ਼ ਦੇ ਇੰਦੌਰ ਨੇ ਲਗਾਤਾਰ 5ਵੀਂ ਵਾਰ ਦੇਸ਼ ਦੇ ਸਵੱਛਤਾ ਸਰਵੇਖਣ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਨੇ ਇਸ ਸਾਲ 7ਵਾਂ ਸਥਾਨ ਹਾਸਲ ਕੀਤਾ ਹੈ।

Tanu

This news is Content Editor Tanu