ਡੇਢ ਮਹੀਨੇ ''ਚ 7 ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਕੇਦਾਰਨਾਥ ਦੇ ਕੀਤੇ ਦਰਸ਼ਨ

06/24/2019 6:41:05 PM

ਰੂਦਪ੍ਰਯਾਗ: ਉਤਰਾਖੰਡ 'ਚ 9 ਮਈ ਨੂੰ ਭਗਵਾਨ ਕੇਦਾਰਨਾਥ ਦੇ ਕਪਾਟ ਖੁੱਲਣ ਤੋਂ ਬਾਅਦ ਡੇਢ ਮਹੀਨੇ 'ਚ 7 ਲੱਖ 35 ਹਜ਼ਾਰ ਸ਼ਰਧਾਲੂ ਕੇਦਾਰਨਾਥ ਦੇ ਦਰਸ਼ਨ ਕਰ ਚੁਕੇ ਹਨ। ਜ਼ਿਲਾ ਅਧਿਕਾਰੀ ਮਗੇਸ਼ ਘੜਿਆਲ ਨੇ ਦੱਸਿਆ ਕਿ ਕੇਦਾਰਨਾਥ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 'ਚ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ ਸਾਲ 6 ਮਹੀਨੇ ਦੀ ਯਾਤਰਾ 'ਚ 7 ਲੱਖ 32 ਹਜ਼ਾਰ ਤੀਰਥ ਯਾਤਰੀਆਂ ਨੇ ਬਾਬਾ ਜੀ ਦੇ ਦਰਸ਼ਨ ਕੀਤੇ ਸਨ। ਉਥੇ ਹੀ ਇਸ ਸਾਲ 22 ਜੂਨ ਤਕ 7 ਲੱਖ 35 ਹਜ਼ਾਰ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਯਾਤਰੀਆਂ ਨੂੰ ਹਰ ਸੰਭਵ ਸਹਾਇਤਾ ਦੇ ਰਿਹਾ ਹੈ। 

ਆਮ ਸ਼ਰਧਾਲੂਆਂ ਲਈ 9 ਮਈ ਨੂੰ ਕੇਦਾਰਨਾਥ ਦੇ ਕਪਾਟ ਖੋਲੇ ਜਾਣ ਦੇ ਬਾਅਦ 18 ਮਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਦਾਰਨਾਥ ਦੇ ਦਰਸ਼ਨ ਕੀਤੇ ਅਤੇ ਇਥੇ ਇਕ ਰਾਤ ਰੂਦਰਾ ਗੁਫਾ 'ਚ ਧਿਆਨ ਲਗਾਇਆ ਸੀ। ਇਸ ਤੋਂ ਬਾਅਦ ਸ਼ਰਧਾਲੂਆਂ ਦੇ ਇਥੇ ਆਉਣ ਦਾ ਤਾਂਤਾ ਲੱਗਾ ਹੋਇਆ ਹੈ। ਭਾਰੀ ਗਿਣਤੀ 'ਚ ਯਾਤਰੀਆਂ ਦੇ ਆਉਣ ਨਾਲ ਸਿਰਫ 45 ਦਿਨਾਂ 'ਚ ਹੀ ਸਾਲ 2018 ਦਾ ਰਿਕਾਰਡ ਟੁੱਟ ਗਿਆ। ਪਿਛਲੇ ਸਾਲ 7,32,241 ਸ਼ਰਧਾਲੂਆਂ ਨੇ ਭਗਵਾਨ ਕੇਦਾਰਨਾਥ ਦੇ ਦਰਸ਼ਨ ਕੀਤੇ ਸਨ। ਜਦਕਿ ਇਸ ਸਾਲ 22 ਜੂਨ ਤਕ 7,32,241 ਸ਼ਰਧਾਲੂ ਦਰਸ਼ਨ ਕਰ ਚੁਕੇ ਹਨ। ਪਹਿਲੀ ਵਾਰ ਕੇਦਾਰਨਾਥ 'ਚ ਇਕ ਦਿਨ 'ਚ ਦਰਸ਼ਨ ਕਰਨ ਵਾਲੇ ਯਾਤਰੀਆਂ ਦੀ ਗਿਣਤੀ 36 ਹਜ਼ਾਰ ਤੋਂ ਜ਼ਿਆਦਾ ਪਹੁੰਚੀ। ਕੇਦਾਰਨਾਥ ਦੀ 16 ਕਿਲੋਮੀਟਰ ਦੀ ਪੈਦਲ ਯਾਤਰਾ ਚਾਰ ਧਾਮਾਂ 'ਚ ਸਭ ਤੋਂ ਮੁਸ਼ਕਿਲ ਯਾਤਰਾ ਹੈ। ਇਥੋਂ ਦੀ ਭੂਗੋਲਿਕ ਹਾਲਤ ਕਾਫੀ ਕਠਿਨ ਹੈ। ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਆਕਸੀਜਨ ਦੀ ਕਮੀ ਨਾਲ ਜੂਝਣਾ ਪੈਂਦਾ ਹੈ। ਬਾਵਜੂਦ ਇਸ ਦੇ ਕੇਦਾਰਨਾਥ 'ਚ ਦਰਸ਼ਨ ਕਰਨ ਵਾਲਿਆਂ ਯਾਤਰੀਆਂ ਦੀ ਗਿਣਤੀ ਹਰ ਸਾਲ ਵੱਧਦੀ ਜਾ ਰਹੀ ਹੈ। ਕੇਦਾਰਨਾਥ ਆਫਤ ਤੋਂ ਬਾਅਦ ਸ਼ੁਰੂਆਤੀ ਸਾਲਾਂ 'ਚ ਜਿਥੇ ਯਾਤਰੀਆਂ ਦੀ ਗਿਣਤੀ ਕਾਫੀ ਘੱਟ ਰਹੀ ਪਰ ਸਾਲ 2017 ਤੋਂ ਬਾਅਦ ਗਿਣਤੀ 'ਚ ਭਾਰੀ ਵਾਧਾ ਹੋਣ ਲੱਗਿਆ ਹੈ।