ਕੇਰਲ ''ਚ ਹੋਇਆ ਜ਼ਿਆਦਾ ਨੁਕਸਾਨ, ਵੱਖਰਾ ਹੋਵੇ ਹੜ੍ਹ ਰਾਹਤ ਦਾ ਪੈਮਾਨਾ : ਵਿਜਯਨ

08/25/2018 11:17:50 AM

ਤਿਰੂਵਨੰਤਪੁਰਮ-ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਰਲ ਵਿਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਇਸ ਲਈ ਹੜ੍ਹ ਰਾਹਤ ਸਹਾਇਤਾ ਦਾ ਪੈਮਾਨਾ ਵੀ ਸੂਬੇ ਲਈ ਵੱਖਰਾ ਅਪਣਾਇਆ ਜਾਣਾ ਚਾਹੀਦਾ ਹੈ। ਸਾਡੇ ਨੁਕਸਾਨ ਦੀ ਤੁਲਨਾ ਹੋਰ ਸੂਬਿਆਂ ਨੂੰ ਹੋਏ ਨੁਕਸਾਨ ਨਾਲ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਕਿਹਾ ਕਿ ਸੂਬੇ ਦਾ ਸ਼ੁਰੂਆਤੀ ਮੁਲਾਂਕਣ ਲਗਭਗ 20 ਹਜ਼ਾਰ ਕਰੋੜ ਰੁਪਏ ਹੈ ਜੋ 2018-19 ਲਈ ਸੂਬੇ ਦੇ ਸਾਲਾਨਾ ਯੋਜਨਾ ਆਕਾਰ ਦੇ ਬਰਾਬਰ ਹੈ। ਸੂਬੇ ਦੀ ਹਾਲਤ ਅਜੇ ਅਜਿਹੀ ਨਹੀਂ ਹੈ ਕਿ ਉਹ ਇਸ ਸੰਕਟ ਦੇ ਸਮੇਂ ਖੁਦ ਜ਼ਰੂਰੀ ਸਾਧਨ ਇਕੱਠੇ ਕਰ ਸਕਣ। ਵਿਜਯਨ ਨੇ ਕਿਹਾ ਕਿ ਸੂਬੇ ਦੀ ਆਬਾਦੀ ਸੰਘਣੀ ਹੈ ਅਤੇ ਪੂਰੇ ਸੂਬੇ ਵਿਚ ਚੰਗੀਆਂ ਸੜਕਾਂ, ਸੰਚਾਰ ਨੈੱਟਵਰਕ ਅਤੇ ਹਸਪਤਾਲ ਵਰਗੀਆਂ ਬੁਨਿਆਦੀ ਸਹੂਲਤਾਂ ਸਨ। 

ਉਥੇ ਹੀ ਯੂ. ਏ. ਈ. ਦੇ ਰਾਜਦੂਤ ਅਹਿਮਦ ਅਲਬੰਨਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੜ੍ਹ ਪ੍ਰਭਾਵਿਤ ਕੇਰਲ ਨੂੰ ਆਰਥਕ ਮਦਦ ਲਈ ਕੋਈ ਰਕਮ ਅਜੇ ਤੈਅ ਨਹੀਂ ਕੀਤੀ ਗਈ ਹੈ ਅਤੇ ਮਦਦ ਲਈ ਸਰਕਾਰ ਵਲੋਂ ਕੋਈ ਐਲਾਨ ਅਜੇ ਤੱਕ ਨਹੀਂ  ਕੀਤਾ ਗਿਆ ਹੈ। ਉਥੇ ਹੀ ਭਾਜਪਾ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ 700 ਕਰੋੜ ਰੁਪਏ ਦੀ ਮਦਦ ਦੀ ਗੱਲ ਦਾ ਖੰਡਨ ਕੀਤੇ ਜਾਣ ਤੋਂ ਬਾਅਦ ਕਿਹਾ ਕਿ ਕਾਂਗਰਸ ਅਤੇ ਖੱਬੇ-ਪੱਖੀ ਕੇਂਦਰ ਸਰਕਾਰ ਖਿਲਾਫ ਮੁਹਿੰਮ ਚਲਾ ਕੇ ਦੇਸ਼ ਨੂੰ ਕੌਮਾਂਤਰੀ ਮੰਚ 'ਤੇ ਬਦਨਾਮ ਕਰ ਰਹੇ ਹਨ।


Related News