ਸਾਵਧਾਨ ! ਧੋਖੇਬਾਜ਼ ਵਿਦੇਸ਼ ''ਚ ਬੈਠੇ ਕਢਵਾ ਰਹੇ ਖਾਤੇ ਵਿਚੋਂ ਪੈਸਾ

06/22/2018 3:27:10 PM

ਨਵੀਂ ਦਿੱਲੀ — ਡੈਬਿਟ ਕਾਰਡ ਦੀ ਕਲੋਨਿੰਗ ਕਰਨ ਵਾਲੇ ਧੋਖੇਬਾਜ਼ ਫੜੇ ਜਾਣ ਤੋਂ ਬਚਣ ਲਈ ਸ਼ਾਇਦ ਵਿਦੇਸ਼ਾਂ ਵਿਚ ਟਰਾਂਸਜੈਕਸ਼ਨ ਕਰ ਰਹੇ ਹਨ। ਤਾਜ਼ਾ ਮਾਮਲੇ 'ਚ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦਿੱਲੀ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਕਾਰਡ ਦਾ ਅਮਰੀਕਾ ਦੇ ਅਪੈਰਲ ਸਟੋਰ 'ਚ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਟਰਾਂਸਜੈਕਸ਼ਨ ਅਮਰੀਕੀ ਡਾਲਰ ਵਿਚ ਹੀ ਕੀਤਾ ਗਿਆ ਹੈ।

ਇਸ ਤਰ੍ਹਾਂ ਵਾਪਰੀ ਸਾਰੀ ਘਟਨਾ
ਪਾਰਲੀਆਮੈਂਟ ਸਟ੍ਰੀਟ ਪੁਲਸ ਸਟੇਸ਼ਨ 'ਚ ਦਿੱਤੀ ਗਈ ਸ਼ਿਕਾਇਤ 'ਚ ਗ੍ਰਹਿ ਮੰਤਰਾਲੇ ਦੀ ਮਹਿਲਾ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ 7 ਜੂਨ ਨੂੰ ਹੋਈ, ਜਦੋਂ ਉਨ੍ਹਾਂ ਨੂੰ ਰਾਤ 1.35-2.09 ਵਜੇ ਦੇ ਵਿਚਕਾਰ ਅਮਰੀਕਾ ਸਥਿਤ ਵੱਖ-ਵੱਖ ਸਟੋਰ 'ਚ ਟਰਾਂਸਜੈਕਸ਼ਨ ਦੇ ਮੈਸੇਜ ਮਿਲਣ ਲੱਗੇ। ਕੁਝ ਚਿਤਾਵਨੀਆਂ ਅਤੇ ਓ.ਟੀ.ਪੀ. ਵੀ ਉਨ੍ਹਾਂ ਦੇ ਮੋਬਾਇਲ ਨੰਬਰ 'ਤੇ ਆਏ। ਕੁੱਲ 67,000 ਰੁਪਏ ਖਰਚ ਕੀਤੇ ਗਏ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ, ਕਿਉਂਕਿ ਪੂਰੀ ਘਟਨਾ ਰਾਤ ਦੇ ਸਮੇਂ ਵਾਪਰ ਰਹੀ ਸੀ ਇਸ ਕਾਰਨ ਉਹ ਇਨ੍ਹਾਂ ਟਰਾਂਸਜੈਕਸ਼ਨਾਂ ਨੂੰ ਰੋਕ ਨਹੀਂ ਸਕੀਂ।
ਉਨ੍ਹਾਂ ਨੇ ਦੱਸਿਆ ਕਿ ਕੁਝ ਟਰਾਂਸਜੈਕਸ਼ਨਜ਼ ਦੇ ਬਾਅਦ ਸ਼ਾਇਦ ਬੈਂਕ ਨੂੰ ਮਹਿਸੂਸ ਹੋਇਆ ਕਿ ਸੁਰੱਖਿਆ ਘੇਰਾ ਟੁੱਟ ਗਿਆ ਹੈ। ਇਸ ਤੋਂ ਬਾਅਦ ਜਾ ਕੇ ਉਨ੍ਹਾਂ ਦਾ ਕਾਰਡ ਬਲਾਕ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸ ਤੋਂ ਕੁਝ ਦੇਰ ਬਾਅਦ ਕਾਰਡ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ। ਧੋਖੇਬਾਜ਼ਾਂ ਨੇ ਇਸ ਤੋਂ ਬਾਅਦ ਵੀ ਉਨ੍ਹਾਂ ਦੇ ਖਾਤੇ ਵਿਚੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ। ਫਿਰ ਉਨ੍ਹਾਂ ਕੋਲ ਪੈਸੇ ਕਢਵਾਉਣ ਦੀ ਇਜਾਜ਼ਤ ਦੇਣ ਦਾ ਮੈਸੇਜ਼ ਆਉਣ ਲੱਗਾ।

ਮਹਿਲਾ ਅਧਿਕਾਰੀ ਨੇ ਦਿੱਤੀ ਸ਼ਿਕਾਇਤ
ਮਹਿਲਾ ਅਧਿਕਾਰੀ ਨੇ ਆਪਣੀ ਸ਼ਿਕਾਇਤ ਵਿਚ ਕਿਹਾ,'ਮੈਨੂੰ ਇਸ ਜਾਲਸਾਜ਼ੀ ਦਾ ਸਵੇਰੇ ਪਤਾ ਲੱਗਾ। ਮੇਰੇ ਕਾਰਡ ਅਤੇ ਫੋਨ ਹਮੇਸ਼ਾ ਮੇਰੇ ਕੋਲ ਹੀ ਰਹਿੰਦੇ ਹਨ।' ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਖਰੀ ਵਾਰ ਮੋਬਾਇਲ ਫੋਨ ਸਰਵਿਸ ਪ੍ਰਦਾਤਾ ਨੂੰ ਖਾਤੇ ਵਿਚੋਂ ਪੈਸੇ ਦਿੱਤੇ ਅਤੇ ਕਨਾਟ ਪਲੇਸ ਦੀ ਦੁਕਾਨ 'ਚ ਕਾਰਡ ਸਵਾਈਪ ਕੀਤਾ।
ਪੁਲਸ ਨੂੰ ਸ਼ੱਕ ਹੈ ਕਿ ਫਰਾਡ ਕਰਨ ਵਾਲਾ ਸ਼ਾਇਦ ਮੈਲਵੇਅਰ ਦੇ ਜ਼ਰੀਏ ਕਾਰਡ ਦੇ ਵੇਰਵੇ ਲੈ ਰਿਹਾ ਹੈ। ਮੈਲਵੇਅਰ ਤੋਂ ਆਨਲਾਈਨ ਟਰਾਂਸਜੈਕਸ਼ਨ ਲਈ ਵਰਚੁਅਲ ਕਾਰਡ ਬਣਾ ਦਿੱਤਾ ਜਾਂਦਾ ਹੈ। ਧੋਖੇਬਾਜ਼ ਆਮ ਤੌਰ 'ਤੇ ਸਕਿਮਰ ਨਾਮ ਦੀ ਡਿਵਾਈਸ ਇਸਤੇਮਾਲ ਕਰਦੇ ਹਨ ਜਿਸ ਨੂੰ ਕਾਰਡ ਸਵਾਈਪ ਕਰਨ ਵਾਲੀ ਮਸ਼ੀਲ ਵਿਚ ਫਿੱਟ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਕਾਰਡ ਸਵਾਈਪ ਹੁੰਦੇ ਹੀ ਸਕਿਮਰ ਉਸਦੀ ਡਿਟੇਲ ਕਾਪੀ ਲੈ ਕੇ ਇਨਟਰਨਲ ਮੈਮੋਰੀ ਵਿਚ ਸਟੋਰ ਕਰ ਲੈਂਦਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਡਿਵਾਇਸਿਜ਼(ਯੰਤਰ) ਚੀਨ ਤੋਂ ਆਉਂਦੇ ਹਨ ਅਤੇ ਇਥੇ 7,000 ਰੁਪਏ ਵਿਚ ਮਿਲਦੇ ਹਨ।