ਛੇੜਛਾੜ ਦਾ ਵਿਰੋਧ ਕਰਨ ''ਤੇ 2 ਔਰਤਾਂ ਦੀ ਕਾਰ ਨਾਲ ਕੁਚਲ ਕੇ ਹੱਤਿਆ, ਮੁੱਖ ਦੋਸ਼ੀ ਗ੍ਰਿਫਤਾਰ

06/25/2019 4:07:27 PM

ਮੇਰਠ— ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜਨਪਦ 'ਚ ਛੇੜਛਾੜ ਦਾ ਵਿਰੋਧ ਕਰਨ ਵਾਲੀਆਂ 2 ਔਰਤਾਂ ਦੀ ਕਾਰ ਨਾਲ ਕੁਚਲ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਇਸ ਸਿਲਸਿਲੇ 'ਚ 4 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਕੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਬੁਲੰਦਸ਼ਹਿਰ ਦੇ ਸੀਨੀਅਰ ਪੁਲਸ ਕਮਿਸ਼ਨਰ ਐੱਨ. ਕੋਲਾਂਚੀ ਨੇ ਮੰਗਲਵਾਰ ਨੂੰ ਦੱਸਿਆ ਕਿ ਚਾਂਦਪੁਰ ਰੋਡ ਵਾਸੀ ਰਾਮਵੀਰ ਅਤੇ ਭੀਮਸੇਨ ਦਾ ਪਰਿਵਾਰ ਦੇਰ ਰਾਤ ਵਿਆਹ ਸਮਾਰੋਹ ਤੋਂ ਆਇਆ ਸੀ। ਇਸੇ ਦੌਰਾਨ ਇਕ ਨੌਜਵਾਨ ਨਸ਼ੇ 'ਚ ਉਨ੍ਹਾਂ ਦੇ ਮਕਾਨ ਦੇ ਬਾਹਰ ਪਿਸ਼ਾਬ ਕਰਨ ਲੱਗਾ। ਔਰਤ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀ ਨੇ ਇਕ ਔਰਤ ਨਾਲ ਛੇੜਛਾੜ ਕੀਤੀ। ਉਨ੍ਹਾਂ ਨੇ ਦੱਸਿਆ ਕਿ ਔਰਤਾਂ ਦੇ ਵਿਰੋਧ 'ਤੇ ਨੌਜਵਾਨ ਉਨ੍ਹਾਂ ਨੂੰ ਧਮਕੀ ਦਿੰਦਾ ਹੋਇਆ ਦੌੜ ਗਿਆ।ਕੁਝ ਦੇਰ ਬਾਅਦ ਉਹ ਆਪਣੇ ਹੋਰ ਸਾਥੀਆਂ ਨਾਲ ਆਇਆ ਅਤੇ ਘਰ ਦੇ ਬਾਹਰ ਖੜ੍ਹੀਆਂ ਔਰਤਾਂ 'ਤੇ ਕਾਰ ਚੜ੍ਹਾ ਦਿੱਤੀ। ਕੋਲਾਂਚੀ ਨੇ ਦੱਸਿਆ ਕਿ ਇਸ 'ਚ 2 ਔਰਤਾਂ ਰਾਮਵੀਰ ਦੀ ਪਤਨੀ ਸੰਤੋ ਦੇਵੀ (38) ਅਤੇ ਭੀਮਸੇਨ ਦੀ ਪਤਨੀ ਉਰਮਿਲਾ (42) ਦੀ ਮੌਤ ਹੋ ਗਈ, ਜਦੋਂ ਕਿ ਰਾਮਵੀਰ ਦਾ ਬੇਟਾ ਜਿਤੇਂਦਰ ਅਤੇ ਇਕ ਹੋਰ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਚਾਰ ਲੋਕਾਂ ਵਿਰੁੱਧ ਨਾਮਜ਼ਦ ਮਾਮਲਾ ਦਰਜ ਕੀਤਾ ਗਿਆ ਹੈ। ਮੁੱਖ ਦੋਸ਼ੀ ਨਕੁਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਚੱਲ ਰਹੀ ਹੈ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਨਾਰਾਜ਼ ਪਰਿਵਾਰ ਵਾਲਿਆਂ ਨੇ ਪੋਸਟਮਾਰਟਮ ਤੋਂ ਬਾਅਦ ਪੁਲਸ ਤੋਂ ਮਿਲੀਆਂ ਦੋਹਾਂ ਲਾਸ਼ਾਂ ਨੂੰ ਹਾਈਵੇਅ 'ਤੇ ਰੱਖ ਕੇ ਜਾਮ ਲੱਗਾ ਦਿੱਤਾ। ਉਹ ਲੋਕ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ। ਪੁਲਸ ਨੇ ਬਹੁਤ ਮੁਸ਼ਕਲ ਨਾਲ ਸਮਝਾ ਕੇ ਜਾਮ ਖਤਮ ਕਰਵਾਇਆ।

DIsha

This news is Content Editor DIsha