ਮੋਦੀ ਨੇ ਕੋਵਿਡ-19 ਨਾਲ ਜੰਗ ਜਿੱਤਣ ਲਈ ਹਿਮਾਚਲ ਮਾਡਲ ਅਪਨਾਉਣ ਦੀ ਕੀਤੀ ਅਪੀਲ

04/29/2020 10:55:43 PM

ਸ਼ਿਮਲਾ, 29 ਮਾਰਚ (ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਾਰਕ ਮਹਾਂਮਾਰੀ ਕੋਵਿਡ-19 ਤੋਂ ਜੰਗ ਜਿੱਤਣ ਲਈ ਦੇਸ਼ ਨੂੰ ਹਿਮਾਚਲ ਪ੍ਰਦੇਸ਼ ਮਾਡਲ 'ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਹੈ। ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਹੋਈ ਵੀਡੀਓ ਕਾਨਫਰਾਂਸਿੰਗ ਵਿਚ ਮੋਦੀ ਨੇ ਕਿਹਾ ਕਿ ਇੰਫਲੂਏਂਜ਼ਾ ਵਰਗੇ ਲੱਛਣਾਂ ਦਾ ਪਤਾ ਲਗਾਉਣ ਲਈ ਹਿਮਾਚਲ ਨੇ ਪੂਰੀ ਆਬਾਦੀ ਦੀ ਸਿਹਤ ਜਾਂਚ ਕੀਤੀ ਹੈ। ਜਿਨ੍ਹਾਂ ਲੋਕਾਂ ਵਿਚ ਇੰਫਲੂਏਂਜ਼ਾ ਵਰਗੇ ਲੱਛਣ ਪਾਏ ਗਏ, ਪਹਿਲਾਂ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ।

ਫਿਰ ਵੀ ਠੀਕ ਨਾ ਹੋਣ 'ਤੇ ਉਨ੍ਹਾਂ ਦੇ ਕੋਵਿਡ-19 ਟੈਸਟ ਕਰਵਾਏ ਗਏ। ਦਰਅਸਲ ਪੀ.ਐਮ. ਨਰਿੰਦਰ ਮੋਦੀ ਨੇ ਹਿਮਾਚਲ ਦੇ ਘਰ-ਘਰ ਜਾ ਕੇ ਐਕਟਿਵ ਕੇਸ ਫਾਈਂਡਿੰਗ ਮੁਹਿੰਮ (ਏ.ਸੀ.ਐਫ.ਪੀ.) ਦੀ ਸ਼ਲਾਘਾ ਕਰਦੇ ਹੋਏ ਸਾਰੇ ਸੂਬਿਆਂ ਨੂੰ ਅਜਿਹਾ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਕੇਂਦਰੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਵੀ ਸੂਬਿਆਂ ਨੂੰ ਕਿਹਾ ਹੈ ਕਿ ਆਪੋ-ਆਪਣੇ ਸੂਬਿਆਂ ਦੇ ਰੈੱਡ ਅਤੇ ਓਂਰੇਂਜ ਜ਼ੋਨ ਵਿਚ ਇਸੇ ਤਰ੍ਹਾਂ ਦੇ ਦ੍ਰਿਸ਼ਟੀਕੋਣ 'ਤੇ ਵਿਚਾਰ ਕੀਤਾ ਜਾਵੇ। ਟੀਮਾਂ ਨੂੰ ਘਰ-ਘਰ ਭੇਜ ਕੇ ਸਿਹਤ ਸਬੰਧੀ ਜਾਂਚ ਕੀਤੀ ਜਾਵੇ ਅਤੇ ਅਰੋਗਿਆ ਸੇਤੂ ਐਪ 'ਤੇ ਲੱਛਣਾਂ ਦੀ ਸਵੈਘੋਸ਼ਣਾ ਨੂੰ ਹੱਲਾਸ਼ੇਰੀ ਦਿੱਤੀ ਜਾਵੇ। ਇਹ ਇਸ ਵਾਇਰਸ ਦਾ ਪਿੱਛਾ ਕਰਨ ਅਤੇ ਅੱਗੇ ਦੀ ਲੰਬੀ ਲੜਾਈ ਜਿੱਤਣ ਦੀ ਕੁੰਜੀ ਹੈ।

ਹਿਮਾਚਲ ਵਿਚ ਹੁਣ 10 ਹੀ ਐਕਟਿਵ ਕੇਸ
ਹਿਮਾਚਲ ਵਿਚ ਇਸ ਵੇਲੇ ਕੋਰੋਨਾ ਦੇ ਸਿਰਫ 10 ਮਰੀਜ਼ ਹਸਪਤਾਲ ਵਿਚ ਇਲਾਜ ਅਧੀਨ ਹਨ, ਜਦੋਂ ਕਿ ਸੂਬੇ ਵਿਚ ਕੁਲ 40 ਮਾਮਲੇ ਸਾਹਮਣੇ ਆਏ ਅਤੇ 25 ਮਰੀਜ਼ ਇਲਾਜ ਤੋਂ ਬਾਅਦ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ 5 ਮਰੀਜ਼ ਦਿੱਲੀ ਸ਼ਿਫਟ ਕੀਤੇ ਗਏ। ਸੂਬੇ ਵਿਚ ਬੀਤੇ 6 ਦਿਨਾਂ ਤੋਂ ਕੋਈ ਤਾਜ਼ਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸੂਬਿਆਂ ਨੇ ਰੋਜ਼ਾਨਾ 10 ਦੇ ਹਿਸਾਬ ਨਾਲ 700 ਲੋਕਾਂ ਦੇ ਜਾਂਚ ਨਮੂਨੇ ਲਏ ਜੋ ਦੇਸ਼ ਵਿਚ ਸਭ ਤੋਂ ਜ਼ਿਆਦਾ ਹਨ।

ਏ.ਸੀ.ਐਫ.ਏ. ਦੌਰਾਨ 70 ਲੱਖ ਲੋਕਾਂ ਤੋਂ ਇਕੱਠਾ ਕੀਤਾ ਡਾਟਾ
ਸੂਬਾ ਸਰਕਾਰ ਏ.ਸੀ.ਐਫ.ਏ. ਮੁਹਿੰਮ ਤਹਿਤ ਤਕਰੀਬਨ 70 ਲੱਖ ਲੋਕਾਂ ਦੇ ਸਿਹਤ ਸਬੰਧੀ ਜਾਂਚ ਦਾ ਦਾਅਵਾ ਕਰ ਰਹੀ ਹੈ। ਇੰਫਲੂਏਂਜ਼ਾ ਵਰਗੇ ਲੱਛਣਾਂ ਦੀ ਸਕ੍ਰੀਨਿੰਗ ਲਈ ਤਕਰੀਬਨ 16000 ਮੁਲਾਜ਼ਮ ਲੋਕਾਂ ਦੇ ਘਰ-ਘਰ ਗਏ। ਇਹ ਸਭ ਕਮਿਊਨਿਟੀ ਟਰਾਂਸਫਰ ਰੋਕਣ ਲਈ ਕੀਤਾ ਗਿਆ ਹੈ। ਇਸ ਮੁਹਿੰਮ ਦੌਰਾਨ ਇੰਫਲੂਏਂਜ਼ਾ ਦੇ ਲੱਛਣਾਂ ਬਾਰੇ 10,000 ਲੋਕਾਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਵਿਚ 1500, ਦਾ ਕੋਵਿਡ-19 ਪ੍ਰੀਖਣ ਕੀਤਾ ਗਿਆ। ਇਨ੍ਹਾਂ ਵਿਚ ਹਮੀਰਪੁਰ ਜ਼ਿਲੇ ਦੇ 2 ਮਾਮਲੇ ਪਾਜ਼ੇਟਿਵ ਆਏ।
 


Sunny Mehra

Content Editor

Related News