ਨਾਬਾਲਗਾਂ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਮੋਦੀ- ਰਾਹੁਲ

04/16/2018 4:00:04 PM

ਨਵੀਂ ਦਿੱਲੀ— ਕਠੂਆ ਅਤੇ ਓਨਾਵ ਬਲਾਤਕਾਰ ਮਾਮਲਿਆਂ ਨੂੰ ਲੈ ਕੇ ਪੈਦਾ ਹੋਏ ਲੋਕਾਂ ਦੇ ਗੁੱਸੇ ਦਰਮਿਆਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਜੇਕਰ ਉਹ ਦੇਸ਼ ਦੀਆਂ ਬੇਟੀਆਂ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਨੂੰ ਲੈ ਕੇ ਗੰਭੀਰ ਹਨ ਤਾਂ ਨਾਬਾਲਗ ਨਾਲ ਬਲਾਤਕਾਰ ਦੇ ਮਾਮਲਿਆਂ ਦੀ ਤੇਜ਼ੀ ਨਾਲ ਸੁਣਵਾਈ ਕਰਵਾਈ ਜਾਵੇ। ਰਾਹੁਲ ਨੇ ਜ਼ਿਕਰ ਕੀਤਾ ਕਿ ਸਾਲ 2016 'ਚ ਨਾਬਾਲਗਾਂ ਨਾਲ ਬਲਾਤਕਾਰ ਦੇ ਘੱਟੋ-ਘੱਟ 19,675 ਮਾਮਲੇ ਹੋਏ। ਇਨ੍ਹਾਂ ਘਟਨਾਵਾਂ ਨੂੰ ਰਾਹੁਲ ਨੇ ਸ਼ਰਮਨਾਕ ਕਰਾਰ ਦਿੱਤਾ। ਰਾਹੁਲ ਗਾਂਧੀ ਨੇ ਟਵੀਟ ਕੀਤਾ,''ਸਾਲ 2016 'ਚ ਮਾਸੂਮ ਬੱਚਿਆਂ ਨਾਲ ਬਲਾਤਕਾਰ ਦੇ 19,675 ਮਾਮਲੇ ਰਿਪੋਰਟ ਕੀਤੇ ਗਏ। ਇਹ ਸ਼ਰਮਨਾਕ ਹੈ। ਜੇਕਰ ਪ੍ਰਧਾਨ ਮੰਤਰੀ ਬੇਟੀਆਂ ਨੂੰ ਅਸਲ 'ਚ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਨੂੰ ਲੈ ਕੇ ਗੰਭੀਰ ਹਨ ਤਾਂ ਉਨ੍ਹਾਂ ਨੂੰ ਅਜਿਹੇ ਮਾਮਲਿਆਂ ਦੀ ਤੇਜ਼ੀ ਨਾਲ ਸੁਣਵਾਈ ਕਰਵਾਉਣੀ ਚਾਹੀਦੀ ਹੈ।'' ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਠੂਆ ਅਤੇ ਓਨਾਵ ਦੀਆਂ ਘਟਨਾਵਾਂ 'ਚ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੇਸ਼ ਦੀਆਂ ਬੇਟੀਆਂ ਨੂੰ ਇਨਸਾਫ਼ ਮਿਲੇਗਾ।
ਰਾਹੁਲ ਦੀ ਇਹ ਟਿੱਪਣੀ ਇਸ ਤੋਂ ਬਾਅਦ ਆਈ ਹੈ। ਇਨ੍ਹਾਂ ਦੋਹਾਂ ਘਟਨਾਵਾਂ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਸੀ,''ਅਜਿਹੇ ਅਪਰਾਧ ਸਮਾਜਿਕ ਨਿਆਂ ਦੀ ਧਾਰਨਾ ਨੂੰ ਚੁਣੌਤੀ ਦਿੰਦੇ ਹਨ ਅਤੇ ਇਕ ਸਮਾਜ ਅਤੇ ਇਕ ਦੇਸ਼ ਦੇ ਰੂਪ 'ਚ ਅਸੀਂ ਸਾਰੇ ਇਸ ਲਈ ਸ਼ਰਮਸਾਰ ਹਾਂ।'' ਪਿਛਲੇ ਹਫਤੇ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਕਿਹਾ,''ਮੈਂ ਦੇਸ਼ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਕਿਸੇ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਵੇਗਾ, ਨਿਆਂ ਹੋਵੇਗਾ ਅਤੇ ਪੂਰਾ ਹੋਵੇਗਾ। ਸਾਡੀਆਂ ਬੇਟੀਆਂ ਨੂੰ ਇਨਸਾਫ਼ ਮਿਲੇਗਾ। ਸਾਡੇ ਸਮਾਜ ਦੀ ਇਸ ਅੰਦਰੂਨੀ ਬੁਰਾਈ ਨੂੰ ਖਤਮ ਕਰਨ ਦਾ ਕੰਮ, ਸਾਨੂੰ ਸਾਰਿਆਂ ਨੂੰ ਮਿਲ ਕਰਨਾ ਹੋਵੇਗਾ।'' ਕਠੂਆ 'ਚ 8 ਸਾਲਾ ਬੱਚੀ ਨਾਲ ਕਥਿਤ ਤੌਰ 'ਤੇ ਸਮੂਹਕ ਬਲਾਤਕਾਰ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ, ਜਦੋਂ ਕਿ ਓਨਾਵ 'ਚ 17 ਸਾਲਾ ਪੀੜਤਾ ਨੇ ਭਾਜਪਾ ਵਿਧਾਇਕ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ।