ਮੋਦੀ ਰਾਜ ''ਚ ਵਧ ਰਿਹੈ ਅਮੀਰਾਂ ਤੇ ਗਰੀਬਾਂ ਵਿਚਕਾਰਲਾ ਪਾੜ- ਰਿਪੋਰਟ

11/16/2019 2:19:28 PM

ਨਵੀਂ ਦਿੱਲੀ — ਆਮਦਨ ਟੈਕਸ ਰਿਟਰਨ ਦਾਖਲ ਕਰਨ ਵਾਲੇ ਸਿਖਰ 1 ਫੀਸਦੀ ਤਨਖਾਹ ਲੈਣ ਵਾਲਿਆਂ ਦੇ ਹੱਥਾਂ 'ਚ ਵਿੱਤੀ ਸਾਲ 2017-18 ਵਿਚ ਕੁੱਲ ਆਮਦਨੀ ਦਾ 18 ਪ੍ਰਤੀਸ਼ਤ ਰਿਹਾ ਜਿਹੜਾ ਕਿ ਸਾਲ 2015-16 ਦੇ 16.5 ਪ੍ਰਤੀਸ਼ਤ ਤੋਂ ਵੱਧ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਦੇ ਰਾਜ 'ਚ ਆਰਥਿਕ ਅਸਮਾਨਤਾ ਬਹੁਤ ਜ਼ਿਆਦਾ ਵੱਧ ਰਹੀ ਹੈ। ਆਮਦਨੀ ਦੀ ਇਸ ਅਸਮਾਨਤਾ ਦਾ ਇਹ ਰੁਝਾਨ ਸਾਲ 2017-18 ਦੇ ਮਾਲ ਵਿਭਾਗ ਦੁਆਰਾ ਜਾਰੀ ਆਮਦਨੀ ਟੈਕਸ ਅਤੇ ਨੈਸ਼ਨਲ ਸਟੈਟਿਸਟਿਕਸ ਆਫਿਸ (ਐਨਐਸਓ) ਦੇ ਖਪਤਕਾਰਾਂ ਦੇ ਖਰਚਿਆਂ ਦੇ ਅੰਕੜਿਆਂ ਤੋਂ ਸਾਫ ਤੌਰ 'ਤੇ ਪਤਾ ਲੱਗ ਰਿਹਾ ਹੈ। ਐਨਐਸਓ ਦੇ ਅੰਕੜਿਆਂ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਸਮੁੱਚੇ ਖਰਚਿਆਂ 'ਚ 3.5 ਪ੍ਰਤੀਸ਼ਤ ਦੀ ਗਿਰਾਵਟ ਆਉਣ ਦੇ ਬਾਵਜੂਦ ਸਮਾਜ ਦੇ ਸਿਖਰ ਅਮੀਰ ਲੋਕਾਂ ਨੇ ਵਧੇਰੇ ਖਰਚ ਕੀਤਾ ਹੈ। ਇਸ ਦੇ ਨਾਲ ਹੀ ਤਨਖਾਹ ਪ੍ਰਾਪਤ ਕਰਨ ਵਾਲਿਆਂ ਵਿਚ ਸਭ ਤੋਂ ਉੱਪਰ 1 ਫੀਸਦੀ ਉਹ ਲੋਕ ਹਨ ਜੋ 25 ਲੱਖ ਰੁਪਏ ਜਾਂ ਇਸ ਵੱਧ ਤਨਖਾਹ ਲੈ ਰਹੇ ਹਨ।

ਕੰਪਨੀਆਂ ਅਤੇ ਵਿਅਕਤੀਆਂ ਦੇ ਕਾਰੋਬਾਰੀ ਆਮਦਨ ਤੋਂ ਅਸਮਾਨਤਾ ਦੇ ਸਿਧਾਂਤ ਦੀ ਤਸਦੀਕ ਹੁੰਦੀ ਹੈ। ਕੰਪਨੀਆਂ ਦੇ ਸਿਖਰ 1 ਫੀਸਦੀ 'ਚ 1 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਦੀ ਆਮਦਨੀ ਹਾਸਲ ਕਰਨ ਵਾਲੇ ਸ਼ਾਮਲ ਹਨ ਜਿਨ੍ਹਾਂ ਕੋਲ 2017-18 'ਚ ਕੁੱਲ ਆਮਦਨੀ ਦਾ 61 ਫੀਸਦੀ ਸੀ ਜਦੋਂਕਿ 2 ਸਾਲ ਪਹਿਲਾਂ ਤੱਕ ਇਹ 56 ਫੀਸਦੀ ਦੇ ਆਸਪਾਸ ਸੀ। ਇਸ ਦੇ ਨਾਲ ਹੀ ਅਨੁਮਾਨਿਤ ਤੌਰ 'ਤੇ ਕਾਰੋਬਾਰੀ ਆਮਦਨ ਕਰਨ ਵਾਲੇ (10 ਲੱਖ ਰੁਪਏ ਜਾਂ ਇਸ ਤੋਂ ਵਧ) ਸਿਖਰ 1.5 ਫੀਸਦੀ ਲੋਕਾਂ ਕੋਲ ਵਿੱਤੀ ਸਾਲ 2018 'ਚ ਸਾਲ ਦੀ ਕੁੱਲ ਆਮਦਨੀ ਦਾ ਲਗਭਗ 24 ਫੀਸਦੀ ਸੀ ਜਦੋਂਕਿ ਵਿੱਤੀ ਸਾਲ 2016 'ਚ ਇਹ 19 ਫੀਸਦੀ ਰਿਹਾ ਸੀ।

ਅਸਮਾਨਤਾ ਨੂੰ ਆਮ ਤੌਰ 'ਤੇ ਇਕ ਸਮਾਂ ਮਿਆਦ ਦੇ ਆਧਾਰ 'ਤੇ ਮਾਪਿਆ ਜਾਂਦਾ ਹੈ ਇਸ ਲਈ ਮੁੱਖ ਤੁਲਨਾ ਸਾਲ 2017-18 ਅਤੇ 2015-16 ਦੇ ਅੰਕੜਿਆਂ ਵਿਚਕਾਰ ਕੀਤੀ ਗਈ ਹੈ। ਇਹ ਨਵੰਬਰ 2016 ਵਿਚ ਉੱਚ-ਮੁੱਲ ਦੀ ਮੁਦਰਾ ਨੂੰ ਸਿਸਟਮ ਤੋਂ ਬਾਹਰ ਕਰਨ(ਨੋਟਬੰਦੀ) ਤੋਂ ਪਹਿਲਾਂ ਅਤੇ ਬਾਅਦ ਦੇ ਹਨ। ਸਹੀ ਅਰਥਾਂ ਵਿਚ ਅੰਕੜੇ ਮੱਧ ਵਰਗ ਵਿਚ ਵੱਧ ਰਹੀ ਅਸਮਾਨਤਾ ਵੱਲ ਇਸ਼ਾਰਾ ਕਰਦੇ ਹਨ, ਜਿਨ੍ਹਾਂ ਦੀ ਕੁੱਲ ਆਮਦਨੀ 'ਚ ਹਿੱਸੇਦਾਰੀ ਲਗਾਤਾਰ ਘਟ ਰਹੀ ਹੈ। 

ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਇਸ ਅਸਮਾਨਤਾ ਨੂੰ 2016-17 ਵਿਚ ਕੀਤੀ ਗਈ ਨੋਟਬੰਦੀ ਨਾਲ ਜੋੜ ਸਕਣਾ ਮੁਸ਼ਕਲ ਹੈ। ਕੇਅਰ ਰੇਟਿੰਗਜ਼ ਦੇ ਮੁੱਖ ਅਰਥ ਸ਼ਾਸਤਰੀ ਮਦਨ ਸਬਨਵੀਸ ਨੇ ਕਿਹਾ ਕਿ ਇਹ ਸਿੱਟਾ ਕੱਢਣਾ ਤਰਕਸ਼ੀਲ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਅਸਮਾਨਤਾ ਵਧੀ ਹੈ। ਉੱਚ ਆਮਦਨੀ ਵਾਲੀ ਸ਼੍ਰੇਣੀ ਦੇ ਤਨਖਾਹ ਲੈਣ ਵਾਲਿਆਂ ਦੀ ਆਮਦਨੀ 'ਚ ਜ਼ਿਆਦਾ ਵਾਧਾ ਦੇਖਿਆ ਜਾ ਰਿਹਾ ਹੈ। ਅਸਮਾਨਤਾ ਨੂੰ ਦਰਸਾਉਣ ਵਾਲਾ ਭਾਰਤ ਦਾ ਗਿਨੀ ਗੁਣਾਂਕ 2017 'ਚ ਸਰਵ-ਉੱਚ ਪੱਧਰ 'ਤੇ ਪਹੁੰਚ ਕੇ 0.5 ਸੀ। ਇਸਦੀ ਤਸਦੀਕ ਲੁਕਾਸ ਚਾਂਸੇਲ ਅਤੇ ਥਾਮਸ ਪਿਕੇਟੀ ਨੇ ਕੀਤੀ ਸੀ। ਜ਼ੀਰੋ ਅਤੇ ਇਕ ਦੇ ਵਿਚਕਾਰ ਦਾ ਉੱਚ ਗੁਣਾਂਕ ਉੱਚ ਅਸਮਾਨਤਾ ਨੂੰ ਦਰਸਾਉਂਦਾ ਹੈ।