PM ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਖਾਸ ਮੁੱਦਿਆਂ ''ਤੇ ਕੀਤੀ ਗੱਲਬਾਤ

09/05/2019 9:18:29 AM

ਵਲਾਦੀਵੋਸਟਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਮੁਲਾਕਾਤ ਕਰਕੇ ਕਈ ਵਿਸ਼ਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਦਫਤਰ ਨੇ ਇਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਟਵੀਟ ਮੁਤਾਬਕ ਦੋਵੇਂ ਦੇਸ਼ਾਂ ਵਿਚਕਾਰ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਰੂਸ ਦੇ ਵਲਾਦੀਵੋਸਟਕ ਸ਼ਹਿਰ 'ਚ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਦੋਵੇਂ ਨੇਤਾਵਾਂ ਵਿਚਕਾਰ ਜਾਪਾਨ ਦੇ ਓਸਾਕਾ ਸ਼ਹਿਰ 'ਚ ਆਯੋਜਿਤ ਜੀ-20 ਸਿਖਰ ਸੰਮੇਲਮਨ ਅਤੇ ਫਰਾਂਸ ਦੇ ਬਿਆਰਤਿਜ 'ਚ ਹਾਲ ਹੀ 'ਚ ਆਯੋਜਿਤ ਜੀ-7 ਸਿਖਰ ਸੰਮੇਲਨ ਦੌਰਾਨ ਮੁਲਾਕਾਤ ਹੋਈ ਸੀ। ਮੋਦੀ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਾਹਾਥਿਰ ਮੁਹੰਮਦ ਨਾਲ ਵੀ ਮੁਲਾਕਾਤ ਕਰਨਗੇ। 

ਮੋਦੀ ਪੂਰਬੀ ਆਰਥਿਕ ਫੋਰਮ (ਈ. ਈ. ਐੱਫ.) ਦੀ ਬੈਠਕ 'ਚ ਹਿੱਸਾ ਲੈਣ ਲਈ ਰੂਸ ਗਏ ਹਨ। ਮੋਦੀ ਈ. ਈ. ਐੱਫ. ਨੂੰ ਸੰਬੋਧਤ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੰਜਵੇਂ ਈ. ਈ. ਐੱਫ. ਨੂੰ ਸੰਬੋਧਨ ਕਰਨ ਲਈ ਮੋਦੀ ਨੂੰ ਮੁੱਖ ਮਹਿਮਾਨ ਦੇ ਤੌਰ 'ਤੇ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤ ਅਤੇ ਰੂਸ ਨੇ ਆਪਣੀ ਰਣਨੀਤਕ ਸਾਂਝੀਦਾਰੀ ਅਤੇ ਆਪਸੀ ਵਿਸ਼ਵਾਸ ਨੂੰ ਨਵੀਂਆਂ ਉਚਾਈਆਂ ਤਕ ਪਹੁੰਚਾਉਣ ਦੇ ਸੰਕਲਪ ਨਾਲ 15 ਸਮਝੌਤਿਆਂ 'ਤੇ ਬੁੱਧਵਾਰ ਨੂੰ ਦਸਤਖਤ ਕੀਤੇ ਅਤੇ ਦੋਹਾਂ ਦੇਸ਼ਾਂ ਵਿਚਕਾਰ ਊਰਜਾ, ਕੌਮਾਂਤਰੀ ਅਤੇ ਰੱਖਿਆ ਦੇ ਖੇਤਰ 'ਚ ਆਪਸੀ ਸਹਿਯੋਗ ਨੂੰ ਵਿਸਥਾਰ ਦੇਣ ਦੀ ਰੂਪ-ਰੇਖਾ ਤੈਅ ਕੀਤੀ। ਮੋਦੀ ਅਤੇ ਪੁਤਿਨ ਵਿਚਕਾਰ ਉਪਕਰਣਾਂ ਅਤੇ ਹਥਿਆਰਾਂ ਦੇ ਪੁਰਜ਼ਿਆਂ ਦੇ ਨਿਰਮਾਣ, ਰੱਖਿਆ, ਪੁਲਾੜ, ਚੇਨੱਈ ਤੋਂ ਵਲਾਦੀਵੋਸਟਕ ਵਿਚਕਾਰ ਸਮੁੰਦਰੀ ਸੰਪਰਕ ਸਥਾਪਤ ਕਰਨ ਅਤੇ ਕੁਦਰਤੀ ਗੈਸ ਸਬੰਧੀ ਸਮਝੌਤੇ ਸ਼ਾਮਲ ਹਨ।


Related News