ਹੁਣ ਗੌਰੀਕੁੰਡ ਤੋਂ ਅੱਧੇ ਘੰਟੇ 'ਚ ਹੋਵੇਗੀ ਕੇਦਾਰਨਾਥ ਦੀ ਯਾਤਰਾ, PM ਮੋਦੀ ਨੇ ਰੱਖਿਆ ਰੋਪਵੇ ਦਾ ਨੀਂਹ ਪੱਥਰ

10/21/2022 3:01:00 PM

ਕੇਦਾਰਨਾਥ ਥਾਮ (ਵਾਰਤਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਸਵੇਰੇ ਹਿਮਾਲਿਆ ਪਰਬਤ ਦੀ ਗੋਦ ’ਚ ਉੱਤਰਾਖੰਡ ਦੇ ਰੂਦਰਪ੍ਰਯਾਗ ਜ਼ਿਲ੍ਹੇ ’ਚ ਸਥਿਤ ਭਗਵਾਨ ਸ਼ਿਵ ਦੇ ਪੰਜਵੇਂ ਜਯੋਤੀਰਲਿੰਗ ਕੇਦਾਰਨਾਥ ਧਾਮ ਪਹੁੰਚੇ। ਦੋ ਦਿਨਾਂ ਯਾਤਰਾ ’ਤੇ ਪਹੁੰਚੇ ਪੀ.ਐੱਮ. ਮੋਦੀ ਇੱਥੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 6ਵੀਂ ਵਾਰ ਆਏ ਹਨ ਅਤੇ ਪੂਜਾ-ਅਰਚਨਾ ਅਤੇ ਰੁਦਰਾਭਿਸ਼ਕ ਤੋਂ ਬਾਅਦ ਗੌਰੀਕੁੰਡ ਤੋਂ ਧਾਮ ਤਕ ਬਣਨ ਵਾਲੇ ਰੋਪਵੇ ਦਾ ਨੀਂਹ ਪੱਥਰ ਰੱਖਿਆ। 

ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਕੇਦਾਰਨਾਥ ਧਾਮ ’ਚ ਰੁਦਰਾਭਿਸ਼ੇਕ ਕਰਕੇ ਸਾਰਿਆਂ ਦੇ ਸੁਖ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਅਤੇ ਆਦਿਗੁਰੂ ਸ਼ੰਕਰਾਚਾਰੀਆ ਦੀ ਸਮਾਧੀ ਦੇ ਦਰਸ਼ਨ ਕੀਤੇ। ਉਨ੍ਹਾਂ ਦੇ ਨਾਲ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਸਨ। 

ਪੀ.ਐੱਮ. ਮੋਦੀ ਨੇ ਇਸ ਮੌਕੇ ਗੌਰੀਕੁੰਡ ਤੋਂ ਕੇਦਾਰਨਾਥ ਲਈ ਰੋਪਵੇ ਦਾ ਨੀਂਹ ਪੱਥਰ ਰੱਖਿਆ। 1267 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 9.7 ਕਿਲੋਮੀਟਰ ਦੇ ਇਸ ਰੋਪਵੇ ਦੇ ਬਣਨ ਨਾਲ ਸ਼ਰਧਾਲੂਆਂ ਨੂੰ ਬਾਬਾ ਕੇਦਾਰ ਦੇ ਦਰਸ਼ਨ ਕਰਨ ’ਚ ਆਸਾਨੀ ਹੋਵੇਗੀ। ਗੌਰੀਕੁੰਡ ਤੋਂ ਕੇਦਾਰਨਾਥ ਪਹੁੰਚਣ ’ਚ ਅਜੇ ਸ਼ਰਧਾਲੂਆਂ ਨੂੰ 6 ਤੋਂ 7 ਘੰਟਿਆਂ ਦਾ ਸਮਾਂ ਲਗਦਾ ਹੈ। ਇਸ ਰੋਪਵੇ ਦੇ ਬਣ ਜਾਣ ਨਾਲ ਇਹ ਯਾਤਰਾ ਸਿਰਫ ਅੱਧੇ ਘੰਟੇ ’ਚ ਪੂਰੀ ਹੋ ਜਾਵੇਗੀ। ਇਸ ਤੋਂ ਬਾਅਦ ਮੋਦੀ ਨੇ ਮੰਦਾਕਿਨੀ ਆਸਥਾ ਪਥ ਅਤੇ ਸਰਸਵਤੀ ਆਸਥਾ ਪਥ ’ਤੇ ਜਾ ਕੇ ਵਿਕਾਸ ਕੰਮਾਂ ਦਾ ਨਿਰੀਖਣ ਕੀਤਾ। 

ਸਿੱਖ ਸ਼ਰਧਾਲੂਆਂ ਲਈ ਵੀ ਪੀ.ਐੱਮ. ਮੋਦੀ ਨੇ ਕੀਤਾ ਵੱਡਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੌਰੀਕੁੰਡ ਨੂੰ ਕੇਦਾਰਨਾਥ ਅਤੇ ਗੋਵਿੰਦਘਾਟ ਨੂੰ ਹੇਮਕੁੰਡ ਸਾਹਿਬ ਨਾਲ ਜੋੜਨ ਵਾਲੇ ਦੋ ਨਵੇਂ ਰੋਪਵੇ ਪ੍ਰਾਜੈਕਟਾਂ ਸਮੇਤ 3400 ਕਰੋੜ ਰੁਪਏ ਤੋਂ ਜ਼ਿਆਦਾ ਦੇ ਕੁਨੈਕਟੀਵਿਟੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। 

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੀ.ਐੱਮ. ਮੋਦੀ ਵੱਲੋਂ ਇਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਸਿਰਸਾ ਨੇ ਹੇਮਕੁੰਡ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੀ.ਐੱਮ. ਮੋਦੀ ਦੀ ਇਹ ਸਿੱਖ ਸ਼ਰਧਾਲੂਆਂ ਨੂੰ ਵੱਡੀ ਸੌਗਾਤ ਹੈ। ਇਸ ਪ੍ਰਾਜੈਕਟ ਤਹਿਤ ਗੋਵਿੰਦਘਾਟ ਨੂੰ ਹੇਮਕੁੰਡ ਸਾਹਿਬ ਨਾਲ ਰੋਪਵੇ ਰਾਹੀਂ ਜੋੜਿਆ ਜਾਵੇਗਾ। ਇਸਦੀ ਲੰਬਾਈ 12.40 ਕੋਲਮੀਟਰ ਹੋਵੇਗੀ। ਹੇਮਕੁੰਡ ਸਾਹਿਬ ਤਕ 19 ਕਿਲੋਮੀਟਰ ਦਾ ਜੋ ਪੈਦਲ ਰਸਤਾ ਡੇਢ ਦਿਨਾਂ ’ਚ ਤੈਅ ਹੋ ਪਾਉਂਦਾ ਸੀ ਉਹ ਇਸ ਨਾਲ ਸਿਰਫ 45 ਮਿੰਟਾਂ ’ਚ ਤੈਅ ਕੀਤਾ ਜਾ ਸਕੇਗਾ। ਇਸਦੀ ਲਾਗਤ 1163 ਕਰੋੜ ਆੰਕੀ ਗਈ ਹੈ। ਇਸ ਰੋਪਵੇ ’ਚ ਗੋਵਿੰਦਘਾਟ, ਪੁਲਨਾ, ਭਯੂਡਾਰ, ਘਾਂਘਰੀਆ ਅਤੇ ਹੇਮਕੁੰਡ ਸਾਹਿਬ ਤਕ ਕੁਲ 5 ਸਟੇਸ਼ਨ ਬਣਨਗੇ।

Rakesh

This news is Content Editor Rakesh