SCO ਸੰਮੇਲਨ ''ਚ ਨਹੀਂ ਹੋਵੇਗੀ ਪੀ. ਐੱਮ. ਮੋਦੀ ਤੇ ਇਮਰਾਨ ਖਾਨ ਦੀ ਮੁਲਾਕਾਤ

06/06/2019 5:37:16 PM

ਨਵੀਂ ਦਿੱਲੀ (ਵਾਰਤਾ)— ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੁਲਾਕਾਤ ਦਾ ਕੋਈ ਪ੍ਰੋਗਰਾਮ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਇਸ ਗੱਲ ਨੂੰ ਸਪੱਸ਼ਟ ਕੀਤਾ ਹੈ ਕਿ ਭਾਰਤ-ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਦੋ-ਪੱਖੀ ਬੈਠਕ ਦੀ ਯੋਜਨਾ ਨਹੀਂ ਹੈ। ਦਰਅਸਲ ਪਾਕਿਸਤਾਨ ਦੇ ਵਿਦੇਸ਼ ਸਕੱਤਰ ਸੋਹੇਲ ਮਹਿਮੂਦ ਦੇ ਭਾਰਤ ਦੌਰੇ ਮਗਰੋਂ ਦੋਹਾਂ ਪ੍ਰਧਾਨ ਮੰਤਰੀਆਂ ਵਿਚਾਲੇ ਮੁਲਾਕਾਤ ਦੀਆਂ ਅਟਕਲਾਂ ਤੇਜ਼ ਹੋ ਗਈਆਂ ਸਨ। ਸੋਹੇਲ ਮਹਿਮੂਦ ਨੇ ਬੁੱਧਵਾਰ ਨੂੰ ਦਿੱਲੀ ਦੇ ਜਾਮਾ ਮਸਜਿਦ 'ਚ ਈਦ ਦੀ ਨਮਾਜ਼ ਅਦਾ ਕੀਤੀ ਸੀ। ਉਨ੍ਹਾਂ ਨੇ ਖੁਦ ਆਪਣੇ ਦੌਰੇ ਨੂੰ ਨਿਜੀ ਯਾਤਰਾ ਦੱਸਿਆ ਸੀ। ਇੱਥੇ ਦੱਸ ਦੇਈਏ ਕਿ  ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ 'ਚ 13-14 ਜੂਨ ਨੂੰ ਹੋਣੀ ਹੈ।


ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਕਿਹਾ, ''ਬਿਸ਼ਕੇਕ 'ਚ ਐੱਸ. ਸੀ. ਓ. ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਚਾਲੇ ਬੈਠਕ ਦਾ ਕੋਈ ਪ੍ਰੋਗਰਾਮ ਨਹੀਂ ਹੈ।'' ਪਾਕਿਸਤਾਨ ਦੇ ਵਿਦੇਸ਼ ਸਕੱਤਰ ਦੇ ਭਾਰਤ ਦੌਰੇ 'ਤੇ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਵਿਅਕਤੀਗਤ ਦੌਰਾ ਸੀ ਅਤੇ ਉਨ੍ਹਾਂ ਨਾਲ ਕੋਈ ਬੈਠਕ ਨਹੀਂ ਹੋਈ। ਦੱਸਣਯੋਗ ਹੈ ਕਿ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਪਿਛਲੇ ਸਾਲ ਹੋਈ ਬੈਠਕ ਦੌਰਾਨ ਉਸ ਵੇਲੇ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵਿਚਾਲੇ ਵੀ ਕੋਈ ਬੈਠਕ ਨਹੀਂ ਹੋਈ ਸੀ। ਦੋਹਾਂ ਨੇਤਾਵਾਂ ਨੇ ਸਿਰਫ ਇਕ-ਦੂਜੇ ਦਾ ਸਵਾਗਤ ਕੀਤਾ ਸੀ। ਭਾਰਤ ਨੇ ਜਨਵਰੀ 2016 'ਚ ਪਠਾਨਕੋਟ ਹਵਾਈ ਫੌਜ ਅੱਡੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਦੋ-ਪੱਖੀ ਗੱਲਬਾਤ ਨਹੀਂ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ। ਗੱਲਬਾਤ ਲਈ ਪਾਕਿਸਤਾਨ ਨੂੰ ਆਪਣੇ ਖੇਤਰ ਤੋਂ ਅੱਤਵਾਦੀ ਗਤੀਵਿਧੀਆਂ ਨੂੰ ਰੋਕ ਕੇ ਉੱਚਿਤ ਮਾਹੌਲ ਬਣਾਉਣਾ ਹੋਵੇਗਾ।

Tanu

This news is Content Editor Tanu