ਮੋਦੀ ਕੈਬਨਿਟ ਨੂੰ ਜੇ.ਡੀ.ਯੂ. ਦੀ ਹਾਂ, ਵਾਈ.ਐੱਸ.ਆਰ. ਕਾਂਗਰਸ ਵੀ ਹੋ ਸਕਦੀ ਹੈ ਸ਼ਾਮਲ

12/13/2019 10:27:32 AM

ਨਵੀਂ ਦਿੱਲੀ— ਮੋਦੀ ਮੰਤਰੀਮੰਡਲ ਦਾ ਦੂਜਾ ਵਿਸਥਾਰ ਝਾਰਖੰਡ ਚੋਣਾਂ ਤੋਂ ਬਾਅਦ ਅਤੇ ਬਜਟ ਸੈਸ਼ਨ ਤੋਂ ਪਹਿਲਾਂ ਹੋ ਸਕਦਾ ਹੈ। ਜਨਤਾ ਦਲ (ਯੂ) ਨੇ ਸਰਕਾਰ 'ਚ ਸ਼ਾਮਲ ਹੋਣ 'ਤੇ ਹਾਮੀ ਭਰ ਦਿੱਤੀ ਹੈ ਤਾਂ ਜਗਨਮੋਹਨ ਰੈੱਡੀ ਦੀ ਵਾਈ.ਐੱਸ.ਆਰ. ਕਾਂਗਰਸ ਨਾਲ ਇਸ ਸੰਬੰਧ 'ਚ ਗੱਲਬਾਤ ਚੱਲ ਰਹੀ ਹੈ। ਚੰਦਰਬਾਬੂ ਨਾਇਡੂ ਦੀ ਟੀ.ਡੀ.ਪੀ. ਨੇ ਨਾਗਰਿਕਤਾ ਸੋਧ ਬਿੱਲ ਦੇ ਸਮਰਥਨ 'ਚ ਵੋਟ ਦੇ ਕੇ ਭਾਜਪਾ ਨਾਲ ਸੰਬੰਧ ਸੁਧਾਰਨ ਦੀ ਪਹਿਲ ਕੀਤੀ ਹੈ। ਭਾਜਪਾ ਫਿਲਹਾਲ ਟੀ.ਡੀ.ਪੀ. ਨੂੰ ਭਾਅ ਦੇਣ ਦੇ ਮੂਡ 'ਚ ਨਹੀਂ ਹੈ। ਸੂਤਰਾਂ ਅਨੁਸਾਰ, ਵਿਸਥਾਰ ਦੇ ਸੰਦਰਭ 'ਚ ਜਨਤਾ ਦਲ (ਯੂ) ਨੂੰ ਭਾਜਪਾ ਵਲੋਂ ਪਹਿਲ ਕੀਤੀ ਗਈ ਹੈ। ਭਾਜਪਾ ਦਾ ਤਰਕ ਹੈ ਕਿ ਸਰਕਾਰ 'ਚ ਸ਼ਾਮਲ ਨਾ ਹੋਣ ਕਾਰਨ ਬਿਹਾਰ 'ਚ ਦੋਹਾਂ ਦਲਾਂ ਦਾ ਗਠਜੋੜ ਕਾਇਮ ਰਹਿਣ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ।

ਜੇ.ਡੀ.ਯੂ. 'ਚ ਅਹਿਮ ਮੰਤਰਾਲੇ ਮਿਲਣ ਦੀ ਉਮੀਦ
ਅਗਲੇ ਸਾਲ ਹੀ ਬਿਹਾਰ 'ਚ ਵਿਧਾਨ ਸਭਾ ਚੋਣਾਂ ਹਨ। ਅਜਿਹੇ 'ਚ ਇਸ ਤਰ੍ਹਾਂ ਦਾ ਸਿਆਸੀ ਸੰਦੇਸ਼ ਉੱਚਿਤ ਨਹੀਂ ਹੈ। ਇਹੀ ਕਾਰਨ ਹੈ ਕਿ ਸ਼ੱਕ ਦੂਰ ਕਰਨ ਦੀ ਪ੍ਰਕਿਰਿਆ ਦੇ ਅਧੀਨ ਨਾਗਰਿਕਤਾ ਬਿੱਲ ਦੀ ਧੁਰ ਵਿਰੋਧੀ ਰਹੀ ਜਨਤਾ ਦਲ (ਯੂ) ਨੇ ਸੰਸਦ ਦੇ ਦੋਹਾਂ ਸਦਨਾਂ 'ਚ ਬਿੱਲ ਦੇ ਸਮਰਥਨ 'ਚ ਵੋਟ ਕੀਤਾ। ਹੁਣ ਸ਼ਿਵ ਸੈਨਾ ਐੱਨ.ਡੀ.ਏ. 'ਚ ਨਹੀਂ ਹੈ। ਅਜਿਹੇ 'ਚ ਜਨਤਾ ਦਲ (ਯੂ) ਨੂੰ ਨਵੇਂ ਹਾਲਾਤ 'ਚ ਵਧ ਅਤੇ ਅਹਿਮ ਮੰਤਰਾਲੇ ਮਿਲਣ ਦੀ ਉਮੀਦ ਹੈ।

ਜਗਨ ਦੀ ਪਾਰਟੀ ਵੀ ਜਲਦ ਹੋ ਸਕਦੀ ਹੈ ਸ਼ਾਮਲ
ਜਗਨ ਦੀ ਪਾਰਟੀ ਜਲਦ ਹੀ ਐੱਨ.ਡੀ.ਏ. 'ਚ ਸ਼ਾਮਲ ਹੋ ਸਕਦੀ ਹੈ। ਪਾਰਟੀ ਨੇ ਦੋਹਾਂ ਦੀ ਸਦਨਾਂ 'ਚ ਨਾਗਰਿਕਤਾ ਬਿੱਲ ਦਾ ਸਮਰਥਨ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਪਹਿਲੇ ਵਾਈ.ਐੱਸ.ਆਰ. ਕਾਂਗਰਸ ਨੂੰ ਐੱਨ.ਡੀ.ਏ. 'ਚ ਸ਼ਾਮਲ ਕੀਤਾ ਜਾਵੇਗਾ। ਭਾਜਪਾ ਅਤੇ ਜਗਨ 'ਚ ਵਧਦੀ ਨਜ਼ਦੀਕੀ ਤੋਂ ਚਿੰਤਤ ਟੀ.ਡੀ.ਪੀ. ਵੀ ਹੁਣ ਸੰਬੰਧ ਸੁਧਾਰਨਾ ਚਾਹੁੰਦੀ ਹੈ। ਨਾਗਰਿਕਤਾ ਬਿੱਲ ਦਾ ਸਮਰਥਨ ਕਰ ਕੇ ਟੀ.ਡੀ.ਪੀ. ਨੇ ਇਸ ਦਿਸ਼ਾ 'ਚ ਵੱਡੀ ਪਹਿਲ ਕੀਤੀ ਹੈ ਪਰ ਭਾਜਪਾ ਫਿਲਹਾਲ ਟੀ.ਡੀ.ਪੀ. ਨੂੰ ਭਾਅ ਦੇਣ ਦੇ ਮੂਡ 'ਚ ਨਹੀਂ ਹੈ।

ਚਿਰਾਗ ਨੂੰ ਟੀਮ ਮੋਦੀ 'ਚ ਕੀਤਾ ਜਾ ਸਕਦਾ ਹੈ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਵਿਸਥਾਰ ਰਾਹੀਂ ਐੱਨ.ਡੀ.ਏ. 'ਚ ਸੰਤੁਲਨ ਬਣਾ ਸਕਦੇ ਹਨ। ਇਸ ਕੜੀ 'ਚ ਅਨੁਪ੍ਰਿਆ ਪਟੇਲ ਦੀ ਅਪਣਾ ਦਲ ਨੂੰ ਮੰਤਰੀ ਮੰਡਲ 'ਚ ਪ੍ਰਤੀਨਿਧੀਤੱਵ ਮਿਲ ਸਕਦੀ ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੀ ਜਗ੍ਹਾ ਉਨ੍ਹਾਂ ਦੇ ਬੇਟੇ ਚਿਰਾਗ ਨੂੰ ਟੀਮ ਮੋਦੀ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਜੇਕਰ ਚਿਰਾਗ ਨੂੰ ਰਾਜ ਮੰਤਰੀ ਦਾ ਦਰਜਾ ਮਿਲਿਆ ਤਾਂ ਐੱਨ.ਡੀ.ਏ. ਦੇ ਕਨਵੀਨਰ ਅਹੁਦੇ ਦੀ ਕਮਾਨ ਰਾਮ ਵਿਲਾਸ ਨੂੰ ਦਿੱਤੀ ਜਾ ਸਕਦੀ ਹੈ।


DIsha

Content Editor

Related News