ਕੋਰੋਨਾ ਵੈਕਸੀਨ ਦੀਆਂ 200 ਕਰੋੜ ਤੋਂ ਵੱਧ ਖੁਰਾਕਾਂ ਦਿੱਤੇ ਜਾਣ 'ਤੇ PM ਮੋਦੀ ਨੇ ਸਿਹਤ ਕਰਮੀਆਂ ਦੀ ਕੀਤੀ ਸ਼ਲਾਘਾ

07/20/2022 11:25:54 AM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਕੋਵਿਡ-19 ਰੋਕੂ ਟੀਕਿਆਂ ਦੀਆਂ 200 ਕਰੋੜ ਤੋਂ ਵੱਧ ਖੁਰਾਕਾਂ ਦੀ ਪ੍ਰਾਪਤੀ 'ਤੇ ਇਕ ਚਿੱਠੀ ਲਿਖ ਕੇ ਸਾਰੇ ਸਿਹਤ ਕਰਮੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਨਾਲ ਭਾਰਤ ਨੇ ਇਕ ਵਾਰ ਮੁੜ ਇਤਿਹਾਸ ਰਚਿਆ ਹੈ। ਚਿੱਠੀ 'ਚ ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਵਿਸ਼ਵਵਿਆਪੀ ਮਹਾਮਾਰੀ ਦੇ ਫੈਲਣ ਤੋਂ ਬਾਅਦ ਸੰਕਟ ਦੇ ਸਮੇਂ ਵਿਚ ਆਪਣੇ ਸੰਕਲਪ ਨੂੰ ਪੂਰਾ ਕਰਨ 'ਚ ਭਾਰਤ ਦੀ ਪ੍ਰਾਪਤੀ 'ਤੇ ਮਾਣ ਕਰਨਗੀਆਂ। ਉਨ੍ਹਾਂ ਨੇ ਲਿਖਿਆ,“ਕੋਵਿਡ ਟੀਕਾਕਰਨ ਦੀ ਸਾਡੀ ਯਾਤਰਾ 16 ਜਨਵਰੀ 2021 ਨੂੰ ਸ਼ੁਰੂ ਹੋਈ ਅਤੇ 17 ਜੁਲਾਈ 2022 ਨੂੰ ਅਸੀਂ ਇਕ ਹੋਰ ਮਹੱਤਵਪੂਰਨ ਮੀਲ ਪੱਥਰ 'ਤੇ ਪਹੁੰਚ ਗਏ। ਇਹ ਦੇਸ਼ ਲਈ ਇਕ ਯਾਦਗਾਰ ਦਿਨ ਸਾਬਤ ਹੋਇਆ ਕਿਉਂਕਿ ਇਸ ਦਿਨ ਅਸੀਂ ਟੀਕੇ ਦੀਆਂ 200 ਕਰੋੜ ਖੁਰਾਕਾਂ ਲਗਾਉਣ ਦਾ ਟੀਚਾ ਪ੍ਰਾਪਤ ਕੀਤਾ। ਕੋਵਿਡ-19 ਵਿਰੁੱਧ ਸਾਡੀ ਲੜਾਈ ਵਿਚ ਇਹ ਇਕ ਸ਼ਾਨਦਾਰ ਪ੍ਰਾਪਤੀ ਹੈ।'' ਉਨ੍ਹਾਂ ਲਿਖਿਆ ਕਿ ਟੀਕਾਕਰਨ, ਸਿਹਤ ਕਰਮਚਾਰੀਆਂ ਅਤੇ ਹੋਰ ਸਟਾਫ਼ ਅਤੇ ਫਰੰਟਲਾਈਨ ਕਰਮਚਾਰੀਆਂ ਨੇ ਦੇਸ਼ ਦੀ ਸੁਰੱਖਿਆ ਵਿਚ ਅਹਿਮ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਨ ਦੇ ਅੰਕੜੇ 200 ਪਾਰ, PM ਮੋਦੀ ਬੋਲੇ- ਭਾਰਤ ਨੇ ਮੁੜ ਰਚਿਆ ਇਤਿਹਾਸ

ਉਨ੍ਹਾਂ ਨੇ ਲਿਖਿਆ,"ਸਰਦ ਪਹਾੜਾਂ ਤੋਂ ਲੈ ਕੇ ਗਰਮ ਰੇਗਿਸਤਾਨਾਂ ਤੱਕ, ਦੂਰ-ਦੁਰਾਡੇ ਦੇ ਪਿੰਡਾਂ ਤੋਂ ਲੈ ਕੇ ਸੰਘਣੇ ਜੰਗਲਾਂ ਤੱਕ, ਸਾਰਿਆਂ ਨੇ ਸਾਡੇ ਕੋਵਿਡ-19 ਟੀਕਾਕਰਨ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਿਸ ਨੇ ਇਹ ਸਾਬਤ ਕਰ ਦਿੱਤਾ ਕਿ 'ਨਵਾਂ ਭਾਰਤ' ਅੱਜ ਆਖ਼ਰੀ ਆਦਮੀ ਤੱਕ ਪਹੁੰਚਦਾ ਹੈ। ਪ੍ਰਧਾਨ ਮੰਤਰੀ ਨੇ ਟੀਕਾ ਕਰਮੀਆਂ ਦੀ ਸ਼ਲਾਘਾ ਕਰਦੇ ਹੋਏ ਚਿੱਠੀ 'ਚ ਕਿਹਾ,''ਭਾਰਤ ਨੇ ਜਿਸ ਗਤੀ ਨਾਲ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ਪ੍ਰੋਗਰਾਮ ਨੂੰ ਅੱਗੇ ਵਧਾਇਆ ਹੈ, ਉਹ ਸ਼ਾਨਦਾਰ ਹੈ ਅਤੇ ਇਹ ਤੁਹਾਡੇ ਵਰਗੇ ਲੋਕਾਂ ਦੇ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ। ਇਹ ਕਰਤੱਵ ਪ੍ਰਤੀ ਸਮਰਪਣ ਅਤੇ ਸੰਕਟ ਦੀ ਘੜੀ ਵਿਚ ਜਤਨਾਂ ਦੇ ਸਿੱਟੇ ਵਜੋਂ ਇਕ ਸ਼ਲਾਘਾਯੋਗ ਉਦਾਹਰਣ ਹੈ। ਸਿਹਤ ਮੰਤਰਾਲਾ ਦੇ ਅਨੁਸਾਰ, ਦੇਸ਼ ਦੀ 98 ਫੀਸਦੀ ਬਾਲਗ ਆਬਾਦੀ ਨੂੰ ਐਂਟੀ-ਕੋਵਿਡ-19 ਵੈਕਸੀਨ ਦੀ ਘੱਟੋ ਘੱਟ ਇਕ ਖੁਰਾਕ ਮਿਲੀ ਹੈ, ਜਦੋਂ ਕਿ 90 ਫੀਸਦੀ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ। ਇਸ ਤੋਂ ਇਲਾਵਾ 15 ਤੋਂ 18 ਸਾਲ ਦੀ ਉਮਰ ਦੇ 82 ਫੀਸਦੀ ਕਿਸ਼ੋਰਾਂ ਨੇ 3 ਜਨਵਰੀ ਤੋਂ ਟੀਕੇ ਦੀ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ, ਜਦੋਂ ਕਿ 68 ਫੀਸਦੀ ਨੇ ਦੋਵੇਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ। 12 ਸਾਲ ਤੋਂ 14 ਸਾਲ ਦੇ ਉਮਰ ਵਰਗ ਵਿਚ 81 ਫੀਸਦੀ ਬੱਚਿਆਂ ਨੂੰ ਪਹਿਲੀ ਖੁਰਾਕ ਮਿਲੀ ਹੈ ਜਦੋਂ ਕਿ 56 ਫੀਸਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁਕਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha