ਸਰਬ ਪਾਰਟੀ ਬੈਠਕ ''ਚ ਮੋਦੀ ਦੀ ਅਪੀਲ, ਸੰਸਦ ਸਮਾਗਮ ਚਲਾਉਣ ''ਚ ਸਹਿਯੋਗ ਦੇਵੇ ਵਿਰੋਧੀ ਧਿਰ

07/18/2018 10:30:24 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਇਥੇ  ਹੋਈ ਸਰਬ ਪਾਰਟੀ ਬੈਠਕ 'ਚ ਸਭ ਵਿਰੋਧੀ ਪਾਰਟੀਆਂ ਨੂੰ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਵਰਖਾ ਰੁੱਤ ਸਮਾਗਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ  ਵਲੋਂ ਜਿਸ ਵੀ ਮੁੱਦੇ ਜਾਂ ਸਮੱਸਿਆ  ਨੂੰ ਉਠਾਇਆ ਜਾਏਗਾ, ਸਰਕਾਰ ਉਸ 'ਤੇ ਨਿਯਮਾਂ ਮੁਤਾਬਕ ਚਰਚਾ ਕਰਵਾਉਣ ਲਈ ਤਿਆਰ ਹੈ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਸਮਾਗਮ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਸਰਕਾਰ ਵਲੋਂ ਸੱਦੀ ਗਈ ਉਕਤ ਸਰਬ ਪਾਰਟੀ ਬੈਠਕ ਪਿੱਛੋਂ ਕਿਹਾ ਕਿ ਬੈਠਕ ਬਹੁਤ ਵਧੀਆ ਮਾਹੌਲ ਵਿਚ ਹੋਈ। ਇਸ ਵਿਚ ਕਾਂਗਰਸ ਸਮੇਤ ਸਭ ਵਿਰੋਧੀ ਪਾਰਟੀਆਂ ਨੇ ਇਕਮੁੱਠ ਹੋ ਕੇ ਸੰਸਦ ਦੀ ਕਾਰਵਾਈ ਚਲਾਉਣ ਲਈ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ।
ਬੈਠਕ ਵਿਚ ਵੱਖ-ਵੱਖ ਵਿਧਾਨਿਕ ਕੰਮਾਂ ਅਤੇ ਕੌਮੀ ਸਮੱਸਿਆਵਾਂ 'ਤੇ ਚਰਚਾ ਹੋਈ। ਵਿਰੋਧੀ ਪਾਰਟੀਆਂ ਨੇ ਸੰਸਦ ਸਮਾਗਮ ਦੌਰਾਨ ਆਪਣੇ ਵਲੋਂ ਉਠਾਏ ਜਾਣ ਵਾਲੇ ਮੁੱਦਿਆਂ ਸਬੰਧੀ ਜਾਣਕਾਰੀ ਦਿੱਤੀ। ਸੰਸਦ ਭਵਨ ਦੇ ਗਿਆਨਪੀਠ ਹਾਲ ਵਿਖੇ ਹੋਈ ਇਕ ਬੈਠਕ ਪਿੱਛੋਂ ਅਨੰਤ ਕੁਮਾਰ ਨੇ ਕਿਹਾ ਕਿ ਮੋਦੀ ਨੇ ਸੰਸਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਭ ਸਿਆਸੀ ਪਾਰਟੀਆਂ ਕੋਲੋਂ ਸਹਿਯੋਗ ਮੰਗਿਆ। ਲੋਕ ਉਮੀਦ ਕਰਦੇ ਹਨ ਕਿ ਸੰਸਦ ਵਿਚ ਕੰਮ ਹੋਵੇ। ਸਾਨੂੰ ਸਭ ਨੂੰ ਇਸ ਸਬੰਧੀ ਕਦਮ ਚੁੱਕਣੇ ਚਾਹੀਦੇ ਹਨ। ਦੇਸ਼ ਦੇ ਲੋਕ ਚਾਹੁੰਦੇ ਹਨ ਕਿ ਸੰਸਦ ਦੀ ਕਾਰਵਾਈ ਦੌਰਾਨ ਕੋਈ ਰੁਕਾਵਟ ਪੈਦਾ ਨਾ ਹੋਵੇ। ਇਸੇ ਲਈ ਅਸੀਂ ਸਭ ਸਿਆਸੀ ਪਾਰਟੀਆਂ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ ਹੈ। 
ਅਨੰਤ ਕੁਮਾਰ ਨੇ ਕਿਹਾ ਕਿ ਸਭ ਪਾਰਟੀਆਂ ਸੈਸ਼ਨ ਦੌਰਾਨ ਉਸਾਰੂ ਕੰਮ ਕਰਨ ਦੇ ਹੱਕ ਵਿਚ ਹਨ। ਵਰਖਾ ਰੁੱਤ ਦੇ ਸਮਾਗਮ ਦੌਰਾਨ 18 ਬੈਠਕਾਂ ਹੋਣਗੀਆਂ ਅਤੇ 46 ਬਿੱਲਾਂ 'ਤੇ ਵਿਚਾਰ ਕੀਤਾ ਜਾਏਗਾ। 2 ਵਿੱਤੀ ਕੰਮਕਾਜ ਵੀ ਹੋਣਗੇ। ਸੈਸ਼ਨ ਦੌਰਾਨ ਜੰਮੂ-ਕਸ਼ਮੀਰ ਦੀ ਸਥਿਤੀ, ਪੀ. ਡੀ. ਪੀ.-ਭਾਜਪਾ ਸਰਕਾਰ ਦੇ ਡਿੱਗਣ ਪਿੱਛੋਂ ਅੱਤਵਾਦ ਵਰਗੇ ਮੁੱਦਿਆਂ ਦੇ ਉਠਣ, ਕਿਸਾਨਾਂ ਦੀ ਹਾਲਤ, ਦਲਿਤਾਂ ਨੂੰ ਤੰਗ ਪ੍ਰੇਸ਼ਾਨ ਕਰਨ, ਰਾਮ ਮੰਦਰ, ਡਾਲਰ ਦੇ ਮੁਕਾਬਲੇ ਰੁਪਏ ਦੀ ਦਰ ਵਿਚ ਗਿਰਾਵਟ ਅਤੇ  ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਵਰਗੇ ਵੱਖ-ਵੱਖ ਮੁੱਦਿਆਂ 'ਤੇ ਵਿਰੋਧੀ ਧਿਰ ਵਲੋਂ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਏਗੀ। 
ਇਕ ਅਹਿਮ ਵਿਸ਼ਾ ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ ਦੀਆਂ ਧਾਰਾਵਾਂ ਨੂੰ ਲਾਗੂ ਕਰਨ ਨਾਲ ਸਬੰਧਤ ਵੀ ਹੋ ਸਕਦਾ ਹੈ। ਇਸ ਮੁੱਦੇ 'ਤੇ ਪਿਛਲੇ ਸੈਸ਼ਨ ਦੌਰਾਨ ਤੇਲਗੂ ਦੇਸ਼ਮ ਪਾਰਟੀ ਨੇ ਭਾਰੀ ਹੰਗਾਮਾ ਕੀਤਾ ਸੀ।