ਜਦੋਂ ਪੀ. ਐੱਮ. ਮੋਦੀ ਦੀ ਸੁਰੱਖਿਆ ''ਚ ਲੱਗੀ ਐੱਸ. ਪੀ. ਜੀ. ਨੇ ਰੋਕ ਦਿੱਤੀ ਨਿਤੀਸ਼ ਦੀ ਕਾਰ

10/14/2017 10:07:41 PM

ਪਟਨਾ- ਸ਼ਨੀਵਾਰ ਨੂੰ ਪਟਨਾ ਏਅਰਪੋਰਟ 'ਤੇ ਚੰਦ ਮਿੰਟਾਂ ਲਈ ਕਾਫੀ ਤਨਾਅ ਵਾਲੀ ਸਥਿਤੀ ਹੋ ਗਈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਲੱਗੇ ਐੱਸ. ਪੀ. ਜੀ. ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਕਾਰ ਰੋਕ ਦਿੱਤੀ। ਹਾਲਾਂਕਿ ਉਥੇ ਮੌਜੂਦ ਬਿਹਾਰ ਸਰਕਾਰ ਅਤੇ ਪੁਲਸ ਅਧਿਕਾਰੀਆਂ ਦੀ ਦਖਲਅੰਦਾਜ਼ੀ ਦੇ ਬਾਅਦ ਕੁਝ ਮਿੰਟਾਂ ਦੇ ਅੰਦਰ ਫਿਰ ਤੋਂ ਉਨ੍ਹਾਂ ਦੀ ਬੁਲੇਟਪਰੂਫ ਅੰਬੈਸਡਰ ਕਾਰ ਨੂੰ ਜਾਣ ਦਿੱਤਾ ਗਿਆ ਪਰ ਇਸ ਘਟਨਾ ਨਾਲ ਨਿਤੀਸ਼ ਵੀ ਕਾਫੀ ਨਾਰਾਜ਼ ਹੋਏ, ਹਾਲਾਂਕਿ ਬਿਹਾਰ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਧੁਕਤ ਬੈਠਕ ਵਿਚ ਸਾਫ ਸੀ ਕਿ ਹਰ ਵਾਰ ਦੀ ਤਰ੍ਹਾਂ ਮੁੱਖ ਮੰਤਰੀ ਟਰਮੈਕ 'ਤੇ ਆਪਣੀ ਕਾਰ ਲੈ ਜਾਣਗੇ ਅਤੇ ਜਿਵੇਂ ਪ੍ਰੋਟੋਕਾਲ ਵਿਚ ਹੈ, ਉਸ ਅਨੁਸਾਰ ਪਹਿਲਾ ਪ੍ਰੋਗਰਾਮ ਲਈ ਸਭ ਤੋਂ ਪਹਿਲਾਂ ਜਾਣਗੇ ਕਿਉਂਕਿ ਮੁੱਖ ਮੰਤਰੀ ਉਸ ਪ੍ਰੋਗਰਾਮ ਵਾਲੀ ਜਗ੍ਹਾ 'ਤੇ ਪ੍ਰਧਾਨ ਮੰਤਰੀ ਅਤੇ ਰਾਜਪਾਲ ਦੋਵਾਂ ਦਾ ਸਵਾਗਤ ਵੀ ਕਰਦੇ ਹਨ। 
ਉਥੇ ਹੀ ਦੂਜੇ ਪਾਸੇ ਐੱਸ. ਪੀ. ਜੀ. ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਅਧਿਕਾਰੀ ਏਅਰਪੋਰਟ 'ਤੇ ਸੀ, ਸ਼ਾਇਦ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕਾਰ ਬਾਰੇ ਕੁਝ ਪਤਾ ਨਹੀਂ ਸੀ ਪਰ ਇਸ ਨੂੰ ਠੀਕ ਕਰ ਲਿਆ ਗਿਆ। ਉਧਰ ਬਿਹਾਰ ਪੁਲਸ ਦਾ ਕਹਿਣਾ ਹੈ ਕਿ ਜ਼ਿਲਾ ਪ੍ਰਸ਼ਾਸਨ ਦੇ ਲੋਕਾਂ ਦੇ ਨਾਲ ਵੀ ਐੱਸ. ਪੀ. ਜੀ. ਦੇ ਲੋਕਾਂ ਦਾ ਬਹੁਤ ਬੇਰੁਖੀ ਵਾਲਾ ਰਵੱਈਆ ਸੀ।