ਅਮਰੀਕਾ ''ਚ ਭਾਰਤੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ, ਸੁਸ਼ਮਾ ਸਵਰਾਜ ਨੇ ਕੀਤਾ ਦੁੱਖ ਦਾ ਪ੍ਰਗਟਾਵਾ

04/18/2018 9:43:01 AM

ਵਾਸ਼ਿੰਗਟਨ— ਅਮਰੀਕਾ 'ਚ ਭਾਰਤੀ ਥੋਟਾਪਿਲਈ ਪਰਿਵਾਰ 6 ਅਪ੍ਰੈਲ ਨੂੰ ਰੋਡ ਟ੍ਰਿਪ ਤੋਂ ਪਰਤਦੇ ਹੋਏ ਲਾਪਤਾ ਹੋ ਗਿਆ ਸੀ। ਇਸ ਦੌਰਾਨ ਕੈਲੀਫੋਰਨੀਆ ਦੀ ਈਲ ਨਦੀ ਵਿਚ ਗੱਡੀ ਸਮੇਤ ਰੁੜ੍ਹੇ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵਰਾਜ ਨੇ ਮੰਗਲਵਾਰ ਨੂੰ ਇਕ ਟਵੀਟ 'ਚ ਕਿਹਾ,''ਸਰਕਾਰ ਪੀੜਤ ਪਰਿਵਾਰ ਦੇ ਭਾਰਤ 'ਚ ਰਹਿਣ ਵਾਲੇ ਰਿਸ਼ਤੇਦਾਰਾਂ ਨੂੰ ਅਮਰੀਕਾ ਦਾ ਵੀਜ਼ਾ ਦਿਵਾਉਣ 'ਚ ਮਦਦ ਕਰ ਰਹੀ ਹੈ।''


ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲਾਸ਼ਾਂ ਲੱਭਣ ਵਿਚ ਕਾਫੀ ਮੁਸ਼ਕਲਾਂ ਪੇਸ਼ ਆਈਆਂ। ਕਈ ਦਿਨਾਂ ਤੋਂ ਚੱਲੀ ਮੁਹਿੰਮ ਦੌਰਾਨ ਬਚਾਅ ਟੀਮ ਨੇ ਯੂਨੀਅਨ ਬੈਂਕ ਦੇ ਉਪ ਪ੍ਰਧਾਨ ਸੰਦੀਪ (41), ਉਨ੍ਹਾਂ ਦੀ ਬੇਟੀ ਸਾਂਚੀ (9) , ਪਤਨੀ ਸੋਮਿਆ (38) ਅਤੇ ਬੇਟੇ ਸਿਧਾਂਤ (12) ਦੀਆਂ ਲਾਸ਼ਾਂ  ਬਰਾਮਦ ਕੀਤੀਆਂ।  ਸੰਦੀਪ ਦੇ ਮਾਤਾ-ਪਿਤਾ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ, ਉਹ ਕਈ ਦਿਨਾਂ ਤੋਂ ਲਾਪਤਾ ਪਰਿਵਾਰ ਦੇ ਸੁਰੱਖਿਅਤ ਲੱਭਣ ਦੀ ਆਸ 'ਚ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਿਸ ਗੱਲ ਦਾ ਡਰ ਸੀ, ਉਹ ਹੀ ਹੋ ਗਿਆ।

ਪਰਿਵਾਰ ਨੇ ਸੁਸ਼ਮਾ ਸਵਰਾਜ ਅਤੇ ਪੁਲਸ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਉਨ੍ਹਾਂ ਦਾ ਦੁੱਖ ਦੀ ਘੜੀ 'ਚ ਇੰਨਾ ਸਾਥ ਦਿੱਤਾ।