ਲਾਪਤਾ ਹੋਏ BSF ਦੇ ਜਵਾਨ ਦੀ ਮਿਲੀ ਮ੍ਰਿਤਕ ਦੇਹ, ਇਮਰਾਨ ਦੀ ਸ਼ਾਂਤੀ ਵਾਰਤਾ ''ਤੇ ਉੱਠੇ ਸਵਾਲ

09/19/2018 5:15:56 PM

ਜੰਮੂ-ਕਸ਼ਮੀਰ— ਪਾਕਿਸਤਾਨ 'ਚ ਇਮਰਾਨ ਦੀ ਸਰਕਾਰ ਬਣਨ 'ਤੇ ਵੀ ਸਰਹੱਦ 'ਤੇ ਗੋਲੀਬਾਰੀ ਨਹੀਂ ਰੁਕੀ ਹੈ, ਜਿਸ ਤੋਂ ਇਹ ਸਾਫ ਲੱਗ ਰਿਹਾ ਹੈ ਕਿ ਉੱਥੇ ਦੀ ਸਰਕਾਰ ਸ਼ਾਂਤੀ ਵਾਰਤਾ ਸ਼ੁਰੂ ਕਰਨ ਨੂੰ ਲੈ ਕੇ ਗੰਭੀਰ ਨਹੀਂ ਹੈ। ਮੰਗਲਵਾਰ ਨੂੰ ਪਾਕਿਸਤਾਨ ਵੱਲੋਂ ਨਾਪਾਕ ਹਰਕਤ ਕੀਤੀ ਗਈ। ਸਾਂਬਾ ਦੇ ਰਾਮਗੜ੍ਹ ਸੈਕਟਰ 'ਚ ਸਵੇਰੇ ਤਕਰੀਬਨ 10.30 ਵਜੇ ਬਾਰਡਰ 'ਤੇ ਸਰਕੰਡੇ ਸਾਫ ਕਰ ਰਹੇ ਬੀ. ਐੱਸ. ਐੱਫ. ਦੇ ਜਵਾਨਾਂ 'ਤੇ ਪਾਕਿਸਤਾਨ ਨੇ ਅਚਾਨਕ ਗੋਲੀਬਾਰੀ ਕਰ ਦਿੱਤੀ, ਜਿਸ 'ਚ ਇਕ ਜਵਾਨ ਜ਼ਖਮੀ ਹੋ ਗਿਆ। ਇਸ ਦੇ ਬਾਅਦ ਉਸ ਜਵਾਨ ਦਾ ਕੋਈ ਪਤਾ ਨਹੀਂ ਚੱਲ ਸਕਿਆ। ਦਿਨ ਭਰ ਸਰਚ ਤੋਂ ਬਾਅਦ ਦੇਰ ਸ਼ਾਮ ਉਨ੍ਹਾਂ ਦੀ ਮ੍ਰਿਤਕ ਦੇਹ ਕੌਮਾਂਤਰੀ ਸਰਹੱਦ (ਆਈ. ਬੀ.) ਕੋਲ ਬਰਾਮਦ ਹੋਈ। ਖਬਰਾਂ ਮੁਤਾਬਕ ਫਾਇਰਿੰਗ ਦੌਰਾਨ ਪਾਕਿਸਤਾਨ ਦੀ ਬੈਟ ਦੇ ਲੋਕ ਇੱਧਰ ਆਏ ਅਤੇ ਜ਼ਖਮੀ ਜਵਾਨ ਨੂੰ ਲੈ ਕੇ ਗਏ, ਬਾਅਦ 'ਚ ਦੇਰ ਸ਼ਾਮ ਉਨ੍ਹਾਂ ਨੂੰ ਆਈ. ਬੀ. ਕੋਲ ਸੁੱਟ ਦਿੱਤਾ ਗਿਆ। ਮ੍ਰਿਤਕ ਦੇਹ ਨੂੰ ਖਰਾਬ ਵੀ ਕੀਤਾ ਗਿਆ ਹੈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।


ਅਧਿਕਾਰਤ ਤੌਰ 'ਤੇ ਸਿਰਫ ਇਹੀ ਕਿਹਾ ਹੈ, ''ਪਾਕਿਸਤਾਨ ਦੀ ਫਾਇਰਿੰਗ 'ਚ ਇਕ ਜਵਾਨ ਸ਼ਹੀਦ ਹੋਇਆ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਦੇਰ ਸ਼ਾਮ ਬਰਾਮਦ ਹੋਈ। ਇਲਾਕੇ 'ਚ ਕਾਫੀ ਸਰਕੰਡੇ ਹੋਣ ਕਾਰਨ ਮ੍ਰਿਤਕ ਸਰੀਰ ਨੂੰ ਲੱਭਣ 'ਚ ਮੁਸ਼ਕਲ ਆਈ। ਉਸ ਇਲਾਕੇ 'ਚ ਆਈ. ਡੀ. ਲੱਗੇ ਹੋਣ ਦਾ ਵੀ ਡਰ ਸੀ। ਇਸ ਲਈ ਆਪਰੇਸ਼ਨ ਸਾਵਧਾਨੀ ਨਾਲ ਚਲਾਇਆ ਗਿਆ।''

ਸ਼ਹੀਦ ਜਵਾਨ ਦੀ ਪਛਾਣ ਨਰਿੰਦਰ ਸਿੰਘ ਨਿਵਾਸੀ ਪਿੰਡ ਥਾਣਾ ਕਲਾਂ, ਜ਼ਿਲਾ ਸੋਨੀਪਤ (ਹਰਿਆਣਾ) ਦੇ ਰੂਪ 'ਚ ਕੀਤੀ ਗਈ ਹੈ।

ਇਮਰਾਨ ਖਾਨ ਦੇ ਕਾਰਜਕਾਲ 'ਚ ਨਹੀਂ ਰੁਕੀ ਨਾਪਾਕ ਹਰਕਤ :
ਖਬਰਾਂ ਮੁਤਾਬਕ, ਮੰਗਲਵਾਰ ਸਵੇਰ ਕੌਮਾਂਤਰੀ ਸਰਹੱਦ ਕੋਲ ਸਰਕੰਡੇ ਸਾਫ ਕੀਤੇ ਜਾ ਰਹੇ ਸਨ। 10.30 ਵਜੇ ਦੇ ਨੇੜੇ-ਤੇੜੇ ਪਾਕਿਸਤਾਨ ਵੱਲੋਂ ਸਨਾਈਪਰ ਫਾਇਰ ਕੀਤਾ ਗਿਆ। ਇਹ ਜਵਾਨ ਨਰਿੰਦਰ ਸਿੰਘ ਨੂੰ ਲੱਗਾ। ਉਹ ਉੱਥੇ ਹੀ ਡਿੱਗ ਗਏ। ਇਸ ਦੇ ਤੁਰੰਤ ਬਾਅਦ ਪਾਕਿਸਤਾਨ ਵੱਲੋਂ ਭਾਰੀ ਗੋਲੀਬਾਰੀ ਸ਼ੁਰੂ ਹੋ ਗਈ। ਹਮਲੇ ਵਿਚਕਾਰ ਬਾਕੀ ਜਵਾਨ ਸੁਰੱਖਿਅਤ ਥਾਵਾਂ 'ਤੇ ਨਿਕਲ ਗਏ। ਭਾਰੀ ਫਾਇਰਿੰਗ ਵਿਚਕਾਰ ਤਕਰੀਬਨ 2 ਘੰਟੇ ਤਕ ਕੋਈ ਵੀ ਜਵਾਨ ਜ਼ਖਮੀ ਜਵਾਨ ਕੋਲ ਨਹੀਂ ਜਾ ਸਕਿਆ। ਗੋਲੀਬਾਰੀ ਰੁਕਣ 'ਤੇ ਜਵਾਨ ਮੌਕੇ 'ਤੇ ਪਹੁੰਚੇ। ਉੱਥੇ ਨਰਿੰਦਰ ਦਾ ਹੈਲਮਟ ਅਤੇ ਜ਼ਮੀਨ 'ਤੇ ਖੂਨ ਦੇ ਨਿਸ਼ਾਨ ਮਿਲੇ ਪਰ ਨਰਿੰਦਰ ਦਾ ਕੋਈ ਪਤਾ ਨਹੀਂ ਚੱਲਿਆ। ਇਸ ਦੇ ਬਾਅਦ ਸਰਚ ਸ਼ੁਰੂ ਹੋਈ। ਖਬਰਾਂ ਮੁਤਾਬਕ, ਨਰਿੰਦਰ ਦੀ ਪਿੱਠ 'ਚ ਗੋਲੀ ਲੱਗੀ ਸੀ। ਜਿੱਥੇ ਉਨ੍ਹਾਂ ਦਾ ਖੂਨ ਡੁੱਲ੍ਹਾ ਸੀ, ਉੱਥੇ ਉਨ੍ਹਾਂ ਦੀ ਮ੍ਰਿਤਕ ਦੇਹ ਬਰਾਮਦ ਨਹੀਂ ਹੋਈ। ਮ੍ਰਿਤਕ ਦੇਹ ਆਪਣੇ ਇਲਾਕੇ 'ਚ ਨਾ ਮਿਲ ਕੇ ਦੂਜੇ ਪਾਸੇ ਕੌਮਾਂਤਰੀ ਸਰਹੱਦ ਕੋਲ ਮਿਲੀ ਹੈ। ਫੌਜ ਦੇ ਸਮਰਥਨ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਇਮਰਾਨ ਖਾਨ ਦੇ ਕਾਰਜਕਾਲ 'ਚ ਇਸ ਤਰ੍ਹਾਂ ਦੀ ਹਰਕਤ ਕਾਰਨ ਕਈ ਸਵਾਲ ਖੜ੍ਹੇ ਹੋ ਗਏ ਹਨ।