ਘੱਟਗਿਣਤੀ ਅਤੇ ਦਲਿਤ ਇਕਜੁੱਟ ਹੋਏ ਪਰ ਹਿੰਦੂ ਵੰਡੇ ਗਏ

02/12/2020 12:23:20 AM

ਨਵੀਂ ਦਿੱਲੀ – ਜਿਥੇ ਹਿੰਦੂਆਂ ਦੀ ਆਬਾਦੀ ਤਕਰੀਬਨ 81 ਫੀਸਦੀ ਹੈ, ਭਾਜਪਾ ਪੂਰੀ ਤਰ੍ਹਾਂ ਹਿੰਦੂ ਰਾਸ਼ਟਰਵਾਦ ਦੇ ਏਜੰਡੇ ’ਤੇ ਚੋਣਾਂ ਲੜ ਕੇ ਵੀ ਕਿਵੇਂ ਹਾਰ ਗਈ? ਕੀ ਭਾਜਪਾ ਦੇ ਹਿੰਦੂ ਰਾਸ਼ਟਰਵਾਦ ’ਤੇ ਦਿੱਲੀ ਦੇ ਹਿੰਦੂਆਂ ਨੇ ਬਿਲਕੁਲ ਭਰੋਸਾ ਨਹੀਂ ਕੀਤਾ। ਵਿਸ਼ਲੇਸ਼ਕ ਇਸ ਗੁੱਥੀ ਵਿਚ ਉਲਝੇ ਹਨ। ਹਾਲਾਂਕਿ ‘ਆਪ’ ਦੀ ਇਹ ਜਿੱਤ ਉਸ ਦੀ ਪਿਛਲੀ ਜਿੱਤ ਵਾਂਗ ਹੀ ਹੈ ਪਰ ਇਸ ਵਾਰ ਮੁਲਾਂਕਣ ਨਵੇਂ ਸਿਰੇ ਤੋਂ ਇਸ ਲਈ ਜ਼ਰੂਰੀ ਹੈ ਕਿ ਇਸ ਵਾਰ ਭਾਜਪਾ ਦੀ ਰਣਨੀਤੀ ਪੂਰੀ ਤਰ੍ਹਾਂ ਵੱਖਰੀ ਅਤੇ ਜ਼ਿਆਦਾ ਹਮਲਾਵਰ ਸੀ।

ਵੋਟਾਂ ਦਾ ਰੁਝਾਨ ਇਹ ਸਾਫ ਕਰ ਰਿਹਾ ਹੈ ਕਿ ਦਲਿਤ ਅਤੇ ਘੱਟਗਿਣਤੀ ਵੋਟਰ ਇਕਜੁੱਟ ਹੋ ਗਏ ਅਤੇ ਮਿਲ ਕੇ ‘ਆਪ’ ਵਿਚ ਉਨ੍ਹਾਂ ਨੇ ਭਰੋਸਾ ਦਿਖਾਇਆ ਪਰ ਇਨ੍ਹਾਂ ਦੋਵਾਂ ਭਾਈਚਾਰਿਆਂ ਦੇ ਮਿਲ ਜਾਣ ਕਾਰਣ ਹੀ ਅਰਵਿੰਦ ਕੇਜਰੀਵਾਲ ਦੀ ਇੰਨੀ ਵੱਡੀ ਜਿੱਤ ਸੰਭਵ ਨਹੀਂ ਸੀ। ਦਿੱਲੀ ਵਿਚ ਮੁਸਲਿਮ ਵੋਟਾਂ 12 ਫੀਸਦੀ ਅਤੇ ਦਲਿਤ ਵੋਟਾਂ 17 ਫੀਸਦੀ ਦੇ ਨੇੜੇ ਮੰਨੀਆਂ ਜਾਂਦੀਆਂ ਹਨ। ਕੁਲ ਮਿਲਾ ਕੇ ਇਹ 29 ਫੀਸਦੀ ਹੁੰਦੀਆਂ ਹਨ। ਇਸ ਤੋਂ ਇਲਾਵਾ 5 ਫੀਸਦੀ ਸਿੱਖ ਅਤੇ 1-1 ਫੀਸਦੀ ਜੈਨ ਅਤੇ ਈਸਾਈ ਵੋਟਾਂ ਹਨ। ਸਾਰਿਆਂ ਨੂੰ ਮਿਲਾ ਕੇ 36 ਫੀਸਦੀ ਵੋਟਾਂ ਬਣਦੀਆਂ ਹਨ। ਦੂਜੇ ਪਾਸੇ ਭਾਜਪਾ ਨੇ ਇਨ੍ਹਾਂ ਚੋਣਾਂ ਵਿਚ 38 ਫੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ।

ਇਨ੍ਹਾਂ ਚੋਣਾਂ ਵਿਚ ‘ਆਪ’ ਨੂੰ ਕੁਲ 54 ਫੀਸਦੀ ਵੋਟਾਂ ਮਿਲੀਆਂ ਹਨ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਵੱਡੀ ਗਿਣਤੀ ਵਿਚ ਹਿੰਦੂਆਂ ਨੇ ‘ਆਪ’ ਨੂੰ ਵੋਟਾਂ ਪਾਈਆਂ। ਭਾਜਪਾ ਦੇ ਹਿੰਦੂ ਏਜੰਡੇ ਨੇ ਘੱਟਗਿਣਤੀ ਭਾਈਚਾਰੇ ਤੋਂ ਇਲਾਵਾ ਪੂਰੇ ਬੁੱਧੀਜੀਵੀ ਵਰਗ ਨੂੰ ਭਾਜਪਾ ਖਿਲਾਫ ਇਕ ਧੁਰੇ ’ਤੇ ਖੜ੍ਹਾ ਕਰ ਦਿੱਤਾ, ਜਿਥੋਂ ਰਸਤਾ ਸਿਰਫ ‘ਆਪ’ ਵਲ ਜਾਂਦਾ ਸੀ। ਇਸ ਵਿਚ ਵੱਡੀ ਗਿਣਤੀ ਵਿਚ ਜਾਂ ਇਹ ਕਹੋ ਕਿ ਤਕਰੀਬਨ 20 ਫੀਸਦੀ ਹਿੰਦੂ ਵੀ ਰਹੇ।

ਰਾਖਵੀਆਂ ਸੀਟਾਂ ’ਤੇ ਇਕਤਰਫਾ ਮੁਕਾਬਲਾ

ਦਿੱਲੀ ਦੀਆਂ 11 ਰਾਖਵੀਆਂ ਸੀਟਾਂ ’ਤੇ ਪੂਰੀ ਤਰ੍ਹਾਂ ‘ਆਪ’ ਦੀ ਹਵਾ ਦਿਖਾਈ ਦਿੱਤੀ। ਇਹ ਸੀਟਾਂ ਹਨ ਸੁਲਤਾਨਪੁਰ ਮਾਜਰਾ, ਮੰਗੋਲਪੁਰੀ, ਕਰੋਲ ਬਾਗ, ਪਟੇਲ ਨਗਰ, ਦੇਵਲੀ, ਅੰਬੇਡਕਰ ਨਗਰ, ਤਿਰਲੋਕਪੁਰੀ, ਕੋਂਡਲੀ, ਬਵਾਨਾ, ਸੀਮਾਪੁਰੀ ਅਤੇ ਗੋਕੁਲਪੁਰੀ। ਇਨ੍ਹਾਂ ਵਿਚੋਂ 6 ਸੀਟਾਂ ’ਤੇ 60 ਫੀਸਦੀ ਨਾਲੋਂ ਵੱਧ ਅਤੇ 4 ਸੀਟਾਂ ’ਤੇ 50 ਫੀਸਦੀ ਨਾਲੋਂ ਵੱਧ ਵੋਟਾਂ ‘ਆਪ’ ਨੂੰ ਮਿਲੀਆਂ। ਸਿਰਫ ਬਵਾਨਾ ਸੀਟ ’ਤੇ ਥੋੜ੍ਹਾ ਸਖ਼ਤ ਮੁਕਾਬਲਾ ਵੇਖਣ ਨੂੰ ਮਿਲਿਆ ਜਿਥੇ ਭਾਜਪਾ ਦੇ ਰਵਿੰਦਰ ਕੁਮਾਰ ਨੇ ਤਕਰੀਬਨ 42 ਫੀਸਦੀ ਵੋਟਾਂ ਹਾਸਲ ਕਰ ਕੇ ‘ਆਪ’ ਦੇ ਜੈ ਭਗਵਾਨ ਸਿੰਘ ਨੂੰ ਸਖ਼ਤ ਟੱਕਰ ਦਿੱਤੀ। ਜੈ ਭਗਵਾਨ ਸਿੰਘ ਨੂੰ ਇਥੇ 47 ਫੀਸਦੀ ਵੋਟਾਂ ਮਿਲੀਆਂ ਜਦਕਿ ਭਾਜਪਾ ਨੂੰ ਜ਼ਿਆਦਾਤਰ ਸੀਟਾਂ ’ਤੇ 30 ਤੋਂ 40 ਫੀਸਦੀ ਤੱਕ ਵੋਟਾਂ ਮਿਲੀਆਂ। ਦਲਿਤਾਂ ਦੀ ਪਾਰਟੀ ਕਹੀ ਜਾਣ ਵਾਲੀ ਬਸਪਾ ਇਨ੍ਹਾਂ ਵਿਚੋਂ 8 ਸੀਟਾਂ ’ਤੇ ਇਕ ਫੀਸਦੀ ਵੋਟਾਂ ਵੀ ਨਹੀਂ ਲੈ ਸਕੀ।

ਸ਼ਾਹੀਨ ਬਾਗ ਤੋਂ ਨਿਕਲਿਆ ਜ਼ਬਰਦਸਤ ਕਰੰਟ

ਸ਼ਾਹੀਨ ਬਾਗ ਤੋਂ ਕਿੰਨਾ ਜ਼ਬਰਦਸਤ ਕਰੰਟ ਨਿਕਲਿਆ, ਜੇਕਰ ਇਸ ਦਾ ਅਨੁਮਾਨ ਲਾਉਣਾ ਹੈ ਤਾਂ ਓਖਲਾ ਸੀਟ ਦਾ ਨਤੀਜਾ ਵੇਖ ਲਓ। ਇਥੇ ‘ਆਪ’ ਦੇ ਅਮਾਨਤੁੱਲਾ ਖਾਨ ਨੂੰ 85.41 ਫੀਸਦੀ ਵੋਟਾਂ ਮਿਲੀਆਂ ਅਤੇ ਭਾਜਪਾ ਦੇ ਬ੍ਰਹਮ ਸਿੰਘ ਨੂੰ ਸਿਰਫ 10 ਫੀਸਦੀ ਵੋਟਾਂ ਹੀ ਮਿਲੀਆਂ। ਕਾਂਗਰਸ ਨੂੰ ਇਥੇ 4 ਫੀਸਦੀ ਵੋਟਾਂ ਵੀ ਨਹੀਂ ਮਿਲੀਆਂ। ਓਖਲਾ ਤੋਂ ਇਲਾਵਾ ਬੱਲੀਮਾਰਾ, ਮਟਿਆ ਮਹਿਲ, ਮੁਸਤਫਾਬਾਦ ਅਤੇ ਸੀਲਮਪੁਰ ਵੀ ਮੁਸਲਿਮ ਬਹੁਤਾਤ ਵਾਲੇ ਇਲਾਕੇ ਹਨ। ਇਨ੍ਹਾਂ ਇਲਾਕਿਆਂ ਵਿਚ ਇਕਤਰਫਾ ਵੋਟਾਂ ‘ਆਪ’ ਨੂੰ ਮਿਲੀਆਂ। ਮਟਿਆ ਮਹਿਲ ਵਿਚ ਤਕਰੀਬਨ 76 ਫੀਸਦੀ ਵੋਟਾਂ ‘ਆਪ’ ਦੇ ਸ਼ੋਏਬ ਇਕਬਾਲ ਨੇ ਹਾਸਲ ਕੀਤੀਆਂ। ਬੱਲੀਮਾਰਾ ਵਿਚ ‘ਆਪ’ ਦੇ ਇਮਰਾਨ ਹੁਸੈਨ ਨੂੰ 64.6 ਫੀਸਦੀ ਵੋਟਾਂ ਹਾਸਲ ਹੋਈਆਂ। \


Inder Prajapati

Content Editor

Related News