ਸਿਹਤ ਮੰਤਰਾਲੇ ਦੀ ਸਲਾਹ, ਇਨ੍ਹਾਂ 3 ਦੇਸ਼ਾਂ ਦੀ ਯਾਤਰਾ ਨਾ ਕਰਨ ਭਾਰਤੀ

02/26/2020 2:41:16 PM

ਨਵੀਂ ਦਿੱਲੀ— ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਕਿਹਾ ਕਿ ਜੇਕਰ ਜ਼ਰੂਰੀ ਨਾ ਹੋਵੇ ਤਾਂ ਉਹ ਦੱਖਣੀ ਕੋਰੀਆ, ਈਰਾਨ ਅਤੇ ਇਟਲੀ ਦੀ ਯਾਤਰਾ ਕਰਨ ਤੋਂ ਬਚਣ। ਇਨ੍ਹਾਂ ਦੇਸ਼ਾਂ ਵਿਚ ਕੋਰੋਨਾਵਾਇਰਸ ਦੇ ਮਾਮਲੇ ਵਧਣ ਦੀ ਖ਼ਬਰ ਹੈ। ਮੰਤਰਾਲੇ ਨੇ ਇਕ ਯਾਤਰਾ ਸਲਾਹ 'ਚ ਕਿਹਾ ਕਿ 10 ਫਰਵਰੀ 2020 ਤੋਂ ਬਾਅਦ ਦੱਖਣੀ ਕੋਰੀਆ, ਈਰਾਨ ਅਤੇ ਇਟਲੀ ਤੋਂ ਆ ਰਹੇ ਲੋਕਾਂ ਨੂੰ ਭਾਰਤ ਪਹੁੰਚਣ 'ਤੇ 14 ਦਿਨਾਂ ਲਈ ਵੱਖਰਾ ਰੱਖਿਆ ਜਾ ਸਕਦਾ ਹੈ। 

ਕੋਰੋਨਾਵਾਇਰਸ ਦੇ ਕਹਿਰ ਨੂੰ ਦੇਖਦਿਆਂ ਇਸ ਤੋਂ ਪਹਿਲਾਂ 22 ਫਰਵਰੀ ਨੂੰ ਯਾਤਰਾ ਸਲਾਹ ਜਾਰੀ ਕੀਤੀ ਗਈ ਸੀ, ਜਿਸ 'ਚ ਨਾਗਰਿਕਾਂ ਨੂੰ ਜ਼ਰੂਰੀ ਨਾ ਹੋਣ 'ਤੇ ਸਿੰਗਾਪੁਰ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਸੀ। ਹਾਲੇ ਚੀਨ, ਹਾਂਗਕਾਂਗ, ਥਾਈਲੈਂਡ, ਦੱਖਣੀ ਕੋਰੀਆ, ਸਿੰਗਾਪੁਰ ਅਤੇ ਜਾਪਾਨ ਦੇ ਯਾਤਰੀਆਂ ਦੀ ਦੇਸ਼ 'ਚ 21 ਹਵਾਈ ਅੱਡਿਆਂ 'ਤੇ ਕੋਰੋਨਾਵਾਇਰਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਚੀਨ 'ਚ ਫੈਲੇ ਜਾਨਲੇਵਾ ਕੋਰੋਨਾਵਾਇਰਸ ਕਾਰਨ ਉੱਥੇ ਹੁਣ ਤਕ 2700 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 78,064 ਲੋਕ ਪੀੜਤ ਹਨ। ਵਾਇਰਸ ਨਾਲ ਦੁਨੀਆ ਦੇ 26 ਤੋਂ ਵਧੇਰੇ ਦੇਸ਼ ਪ੍ਰਭਾਵਿਤ ਹਨ।


Tanu

Content Editor

Related News