ਕੁਪਵਾੜਾ ''ਚ ਮੁਕਾਬਲਾ, ਹਿਜ਼ਬੁਲ ਕਮਾਂਡਰ ਵਾਨੀ ਸਮੇਤ 2 ਅੱਤਵਾਦੀ ਢੇਰ

10/11/2018 7:25:50 PM

ਸ਼੍ਰੀਨਗਰ(ਮਜੀਦ)— ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਵੀਰਵਾਰ ਹੋਏ ਇਕ ਮੁਕਾਬਲੇ ਦੌਰਾਨ ਹਿਜ਼ਬੁਲ ਕਮਾਂਡਰ ਮਨਾਨ ਵਾਨੀ ਸਮੇਤ 2 ਅੱਤਵਾਦੀ ਮਾਰੇ ਗਏ। ਮਿਲੀਆਂ ਖਬਰਾਂ ਮੁਤਾਬਕ ਕੁਪਵਾੜਾ ਜ਼ਿਲੇ ਦੇ ਸ਼ਤਗੁੰਡ ਹੰਦਵਾੜਾ ਪਿੰਡ 'ਚ ਤੜਕੇ 2.30 ਵਜੇ ਘੇਰਾਬੰਦੀ ਅਤੇ ਤਲਾਸ਼ੀਆਂ ਦੀ ਮੁਹਿੰਮ ਦੌਰਾਨ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ ਹੋ ਗਿਆ। ਮੁਕਾਬਲੇ ਦੌਰਾਨ ਹਿਜ਼ਬੁਲ ਦੇ ਕਮਾਂਡਰ ਬਣੇ ਮਨਾਨ ਵਾਨੀ ਸਮੇਤ 2 ਅੱਤਵਾਦੀ ਮਾਰੇ ਗਏ। ਦੂਜੇ ਮ੍ਰਿਤਕ ਅੱਤਵਾਦੀ ਦੀ ਪਛਾਣ ਆਸ਼ਿਕ ਵਜੋਂ ਹੋਈ ਹੈ।

ਅਲੀਗੜ੍ਹ ਮੁਸਿਲਮ ਯੂਨੀਵਰਸਿਟੀ ਤੋਂ ਪੀ. ਐੱਚ. ਡੀ. ਕਰਨ ਤੋਂ ਬਾਅਦ ਅੱਤਵਾਦੀ ਬਣੇ ਵਾਨੀ ਦੇ ਮਾਰੇ ਜਾਣ ਪਿੱਛੋਂ ਕੁਪਵਾੜਾ ਅਤੇ ਬਾਰਾਮੂਲਾ ਜ਼ਿਲਿਆਂ 'ਚ ਬੰਦ ਦਾ ਐਲਾਨ ਕਰ ਦਿੱਤਾ ਗਿਆ। ਵੱਖਵਾਦੀਆਂ ਨੇ ਵਾਨੀ ਤੇ ਸਾਥੀ ਅੱਤਵਾਦੀ ਦੇ ਮਾਰੇ ਜਾਣ ਵਿਰੁੱਧ ਸ਼ੁੱਕਰਵਾਰ ਨੂੰ ਹੜਤਾਲ ਦਾ ਐਲਾਨ ਕੀਤਾ ਹੈ। ਜ਼ਿਲਾ ਪ੍ਰਸ਼ਾਸਨ ਨੇ ਕੁਪਵਾੜਾ ਵਿਖੇ ਸੁਰੱਖਿਆ ਕਾਰਨਾਂ ਨੂੰ ਧਿਆਨ 'ਚ ਰਖਦਿਆਂ ਮੋਬਾਇਲ ਇੰਟਰਨੈੱਟ ਸੇਵਾਵਾਂ 'ਤੇ ਰੋਕ ਲਾ ਦਿੱਤੀ ਹੈ। ਨਾਲ ਹੀ ਖੇਤਰ ਦੇ ਸਭ ਵਿੱਦਿਅਕ ਅਦਾਰਿਆਂ ਨੂੰ ਬੰਦ ਰੱਖਣ ਦਾ ਹੁਕਮ ਦਿੱਤਾ ਹੈ। ਸੂਤਰਾਂ ਮੁਤਾਬਕ ਵਾਨੀ ਨੂੰ ਉਸਦੇ ਪਰਿਵਾਰਕ ਮੈਂਬਰ ਉਚੇਰੀ ਪੜ੍ਹਾਈ ਲਈ ਅਮਰੀਕਾ ਭੇਜਣਾ ਚਾਹੁੰਦੇ ਸਨ ਪਰ ਉਹ ਅੱਤਵਾਦੀ ਸੰਗਠਨ ਹਿਜ਼ਬੁਲ 'ਚ ਸ਼ਾਮਲ ਹੋ ਗਿਆ।