ਗੁਜਰਾਤ ''ਚ ਫਸੇ 800 ਤੋਂ ਜ਼ਿਆਦਾ ਪ੍ਰਵਾਸੀ ਮਛੇਰੇ ਪਰਤੇ ਆਂਧਰਾ ਪ੍ਰਦੇਸ਼

05/01/2020 2:42:43 PM

ਹੈਦਰਾਬਾਦ-ਕੋਰੋਨਾਵਾਇਰਸ ਦੇ ਚੱਲਦਿਆਂ ਦੇਸ਼ ਭਰ 'ਚ ਲਾਕਡਾਊਨ ਲਾਗੂ ਹੈ, ਜਿਸ ਕਾਰਨ ਦੂਜੇ ਸੂਬਿਆਂ 'ਚ ਫਸੇ ਲੋਕਾਂ ਨੂੰ ਘਰ ਵਾਪਸ ਪਹੁੰਚਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਕੇਂਦਰ ਸਰਕਾਰ ਦੁਆਰਾ ਪ੍ਰਵਾਸੀ ਮਜ਼ਦੂਰਾਂ, ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਘਰ ਵਾਪਸ ਲਿਆਉਣ ਦੀ ਆਗਿਆ ਮਿਲਣ ਤੋਂ ਬਾਅਦ ਗੁਜਰਾਤ 'ਚ ਫਸੇ 800 ਤੋਂ ਜ਼ਿਆਦਾ ਮਛੇਰੇ ਅੱਜ ਸਵੇਰੇ 12 ਬੱਸਾਂ ਰਾਹੀਂ ਆਂਧਰਾ ਪ੍ਰਦੇਸ਼ ਦੀ ਸਰਹੱਦ 'ਤੇ ਸਥਿਤ ਗਰਿਕਾਪੜੂ ਚੈਕਪੋਸਟ 'ਤੇ ਪਹੁੰਚੇ। ਇਸ ਤੋਂ ਪਹਿਲਾਂ ਤੇਲੰਗਾਨਾ ਤੋਂ ਝਾਰਖੰਡ ਲਈ ਇਕ ਨਾਨਸਟਾਪ ਵਿਸ਼ੇਸ਼ ਟ੍ਰੇਨ ਚਲਾਈ ਗਈ, ਜਿਸ 'ਚ 1200 ਲੋਕ ਸਵਾਰ ਹਨ।

ਜ਼ਿਕਰਯੋਗ ਹੈ ਕਿ ਆਂਧਾਰ ਪ੍ਰਦੇਸ਼ ਸਰਕਾਰ ਨੇ ਹੋਰ ਸਥਾਨਾਂ 'ਤੇ ਫਸੇ ਲੋਕਾਂ ਦੀ ਮਦਦ ਲਈ ਇਕ ਕੰਟਰੋਲ ਰੂਮ ਸਥਾਪਿਤ ਕੀਤਾ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਦੇਸ਼ ਭਰ ਦੇ 12,700 ਤੋਂ ਜ਼ਿਆਦਾ ਪ੍ਰਵਾਸੀ ਲੋਕ ਆਂਧਰਾ ਪ੍ਰਦੇਸ਼ 'ਚ ਫਸੇ ਹੋਏ ਹਨ। ਇਹ ਵੱਖ-ਵੱਖ ਖੇਤਰਾਂ 'ਚ ਕੰਮ ਕਰਨ ਲਈ ਆਏ ਸੀ। ਆਂਧਰਾ ਪ੍ਰਦੇਸ਼ ਨੇ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਚਿੱਠੀ ਲਿਖ ਕੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਸਬੰਧਿਤ ਗ੍ਰਹਿ ਸੂਬਿਆਂ 'ਚ ਵਾਪਸ ਭੇਜਣ ਲਈ ਮਨਜ਼ੂਰੀ ਮੰਗੀ ਹੈ। 

ਸੂਬੇ 'ਚ ਕੋਰੋਨਾ ਪੀੜਤ ਮਾਮਲੇ -
ਸੂਬੇ 'ਚ ਹੁਣ ਤੱਕ 1403 ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ 'ਚੋਂ 321 ਲੋਕ ਠੀਕ ਹੋ ਗਏ ਹਨ ਅਤੇ 31 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੇਸ਼ ਭਰ 'ਚ ਕੋਰੋਨਾ ਦੇ ਮਾਮਲੇ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਸਿਹਤ ਮੰਤਰਾਲੇ ਵਲੋਂ ਅੱਜ ਭਾਵ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਭਰ 'ਚ ਪਿਛਲੇ 24 ਘੰਟਿਆਂ ਦੌਰਾਨ 1993 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ 35,043 ਪੀੜਤ ਮਾਮਲਿਆਂ ਗਿਣਤੀ ਹੋ ਚੁੱਕੀ ਹੈ, ਜਦਕਿ 73 ਲੋਕਾਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 1147 ਤੱਕ ਪਹੁੰਚ ਗਈ ਹੈ। ਹੁਣ ਤੱਕ 8888 ਲੋਕ ਠੀਕ ਹੋ ਚੁੱਕੇ ਹਨ।

Iqbalkaur

This news is Content Editor Iqbalkaur