ਮੋਦੀ ਦੀ ਰੈਲੀ 'ਚ ਵਾਪਰਿਆ ਹਾਦਸਾ, 90 ਲੋਕ ਜ਼ਖਮੀ

07/17/2018 9:34:21 AM

ਕੋਲਕਾਤਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਮਿਦਨਾਪੁਰ 'ਚ ਭਾਜਪਾ ਦੀ ਇਕ ਰੈਲੀ ਨੂੰ ਸੰਬੋਧਨ ਕੀਤਾ। ਕਿਸਾਨ ਰੈਲੀ ਦੌਰਾਨ ਪੰਡਾਲ ਦਾ ਇਕ ਹਿੱਸਾ ਡਿੱਗ ਗਿਆ, ਜਿਸ 'ਚ ਘੱਟੋ-ਘੱਟ 90 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਬਾਅਦ 'ਚ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਹ ਹਾਦਸਾ ਮੋਦੀ ਦੇ ਭਾਸ਼ਣ ਦੌਰਾਨ ਵਾਪਰਿਆ। ਇਸ ਤੋਂ ਪਹਿਲਾਂ ਕਿਸਾਨ ਕਲਿਆਣ ਰੈਲੀ 'ਚ ਪੀ. ਐੱਮ. ਮੋਦੀ ਨੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਜਾਣਕਾਰੀ ਦਿੱਤੀ। ਮਿਦਨਾਪੁਰ ਕਾਲਜ ਗਰਾਊਂਡ 'ਚ ਹੋਈ ਰੈਲੀ 'ਚ ਮੋਦੀ ਨੇ ਮਮਤਾ ਬੈਨਰਜੀ 'ਤੇ ਤਿੱਖੇ ਹਮਲੇ ਵੀ ਕੀਤੇ। 

ਜਾਣਕਾਰੀ ਮੁਤਾਬਕ ਮੋਦੀ ਨੇ ਕਿਹਾ ਕਿ ਦਹਾਕਿਆਂ ਦੇ ਖੱਬੇਪੱਖੀ ਸ਼ਾਸਨ ਨੇ ਪੱਛਮੀ ਬੰਗਾਲ ਨੂੰ ਜਿਸ ਹਾਲ 'ਚ ਪਹੁੰਚਾਇਆ, ਅੱਜ ਬੰਗਾਲ ਦੀ ਹਾਲਤ ਉਸ ਤੋਂ ਵੀ ਬਦਤਰ ਹੁੰਦੀ ਜਾ ਰਹੀ ਹੈ। ਬੰਗਾਲ 'ਚ ਨਵੀਂ ਕੰਪਨੀ ਖੋਲ੍ਹਣੀ ਹੋਵੇ, ਨਵੇਂ ਹਸਪਤਾਲ ਖੋਲ੍ਹਣੇ ਹੋਣ, ਨਵੇਂ ਸਕੂਲ ਖੋਲ੍ਹਣੇ ਹੋਣ, ਨਵੀਂ ਸੜਕ ਬਣਾਉਣੀ ਹੋਵੇ, ਬਿਨਾਂ ਸਿੰਡੀਕੇਟ ਨੂੰ ਚੜ੍ਹਾਵਾ ਦਿੱਤੇ ਇਨ੍ਹਾਂ ਦੀ ਮਨਜ਼ੂਰੀ ਲਈ ਕੁਝ ਵੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸੂਬੇ 'ਚ ਸਿੰਡੀਕੇਟ ਸਰਕਾਰ ਹੈ, ਜਿਸ 'ਚ ਹਿੰਦੂਆਂ ਲਈ ਪੂਜਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੰਗਲਾਂ 'ਚ ਜੋ ਆਦੀਵਾਸੀ ਜ਼ਿੰਦਗੀ ਬਿਤਾ ਰਿਹਾ ਹੈ, ਨੂੰ ਬਾਂਸ ਵੇਚਣ ਦਾ ਹੱਕ ਨਹੀਂ, ਅਸੀਂ ਇਸ 'ਚ ਸੁਧਾਰ ਕੀਤਾ। ਅਸੀਂ ਬਾਂਸ ਨੂੰ ਘਾਹ ਮੰਨ ਲਿਆ। ਇਸ ਦੀ ਕੋਈ ਵੀ ਖੇਤੀ ਕਰ ਸਕਦਾ ਹੈ। ਸਾਡੀ ਸਰਕਾਰ ਅੱਗੇ ਵੀ ਅਜਿਹੇ ਕੰਮ ਕਰਦੀ ਰਹੇਗੀ। ਪੀ. ਐੱਮ. ਨੇ ਕਿਹਾ ਕਿ ਕਿਸਾਨ ਸਾਡੇ ਅੰਨਦਾਤਾ ਅਤੇ ਪਿੰਡ ਸਾਡੇ ਦੇਸ਼ ਦੀ ਆਤਮਾ ਹਨ। ਜੇਕਰ ਦੇਸ਼ ਦਾ ਵਿਕਾਸ ਅਣਗੌਲਿਆ ਜਾਵੇ ਤਾਂ ਕੋਈ ਵੀ ਦੇਸ਼ ਅੱਗੇ ਨਹੀਂ ਵੱਧ ਸਕਦਾ। ਮੋਦੀ ਨੇ ਕਿਹਾ ਕਿ ਕੇਂਦਰ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਤੋਂ ਬਾਅਦ ਸਾਡੀ ਸਰਕਾਰ ਨੇ ਕਿਸਾਨਾਂ ਨੂੰ ਡੇਢ ਗੁਣਾ ਸਮਰਥਨ ਮੁੱਲ ਦੇਣ ਦਾ ਫੈਸਲਾ ਲੈ ਲਿਆ। ਬੰਗਾਲ ਦੇ ਕਿਸਾਨ ਐੱਮ. ਐੱਸ. ਪੀ. ਵਧਾਉਣ ਦੀ ਮੰਗ ਕਰਦੇ ਰਹੇ ਪਰ ਮਮਤਾ ਦੀਦੀ ਨੇ ਕੁਝ ਵੀ ਨਹੀਂ ਦਿੱਤਾ।

ਦੀਦੀ ਨੇ ਲਵਾਏ ਸਵਾਗਤੀ ਪੋਸਟਰ, ਪੀ. ਐੱਮ. ਬੋਲੇ-ਧੰਨਵਾਦ —
ਰੈਲੀ ਦੀ ਸ਼ੁਰੂਆਤ ਕਰਦੇ ਹੋਏ ਪੀ. ਐੱਮ. ਨੇ ਮਮਤਾ ਬੈਨਰਜੀ ਦਾ ਸ਼ੁਕਰੀਆ ਵੀ ਅਦਾ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਸਵਾਗਤ 'ਚ ਮਮਤਾ ਦੀਦੀ ਨੇ ਜੋ ਪੋਸਟਰ ਲਵਾਏ ਹਨ, ਉਨ੍ਹਾਂ ਲਈ ਮੈਂ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ। ਦੱਸ ਦੇਈਏ ਕਿ ਪੀ. ਐੱਮ. ਦੀ ਰੈਲੀ ਦੇ ਮੱਦੇਨਜ਼ਰ ਸ਼ਹਿਰ 'ਚ ਪ੍ਰਸ਼ਾਸਨ ਵਲੋਂ ਬੈਨਰਜ਼ ਅਤੇ ਪੋਸਟਰਜ਼ ਲਾਏ ਗਏ ਸਨ।