ਬੱਚਿਆਂ ਨੂੰ ਮਿੱਡ-ਡੇ-ਮੀਲ ''ਚ ਦਿੱਤੀ ਸਿਰਫ ਦਾਲ, ਰੋਟੀ ਮੰਗਣ ''ਤੇ ਪ੍ਰਿੰਸੀਪਲ ਨੇ ਬਣਾ ਦਿੱਤੇ ''ਮੁਰਗੇ''

07/18/2018 4:52:31 AM

ਜੈਪੁਰ—ਰਾਜਸਥਾਨ ਦੇ ਦੌਸਾ ਜ਼ਿਲੇ ਦੇ ਬਾਂਦੂਕੁਈ ਵਿਖੇ ਸਥਿਤ ਸਰਕਾਰੀ ਹਾਈ ਸੈਕੰਡਰੀ ਸਕੂਲ ਵਿਚ ਮਿੱਡ-ਡੇ-ਮੀਲ ਦੌਰਾਨ ਇਕ ਅਜਿਹੀ ਘਟਨਾ ਵਾਪਰੀ, ਜਿਸਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। 
ਮਿਲੀਆਂ ਖਬਰਾਂ ਅਨੁਸਾਰ ਜਦੋਂ ਬੱਚਿਆਂ ਨੇ ਮਿੱਡ-ਡੇ-ਮੀਲ ਦੌਰਾਨ ਖਾਣ ਲਈ ਰੋਟੀ ਮੰਗੀ ਤਾਂ ਪ੍ਰਿੰਸੀਪਲ ਨੇ ਬੱਚਿਆਂ ਨੂੰ ਮੁਰਗੇ ਬਣਾ ਦਿੱਤਾ ਅਤੇ ਡੰਡਿਆਂ ਨਾਲ ਕੁੱਟਿਆ। ਇਸ ਕਾਰਨ  7 ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਗੁੱਸੇ ਵਿਚ ਆਏ ਲੋਕਾਂ ਨੇ ਜ਼ਿਲਾ ਕੁਲੈਕਟਰ ਕੋਲ ਲਿਖਤੀ ਸ਼ਿਕਾਇਤ ਕੀਤੀ।  ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਿੱਡ-ਡੇ-ਮੀਲ ਦੌਰਾਨ ਸਿਰਫ ਦਾਲ ਦਿੱਤੀ ਗਈ। ਜਦੋਂ ਉਨ੍ਹਾਂ ਰੋਟੀ ਮੰਗੀ ਤਾਂ ਨਹੀਂ ਦਿੱਤੀ ਗਈ। ਉਲਟਾ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਮੁਰਗੇ ਬਣਨ ਲਈ ਕਿਹਾ। ਫਿਰ ਡੰਡਿਆਂ ਨਾਲ ਕੁੱਟਿਆ। ਰਾਜਸਥਾਨ ਦੇ ਸਿੱਖਿਆ ਮੰਤਰੀ ਵਾਸੂਦੇਵ ਨੇ ਸਾਰੀ ਰਿਪੋਰਟ ਮੰਗ ਲਈ ਹੈ। ਪਿੰਡ ਦੇ ਸਰਪੰਚ ਨੇ ਵੀ ਕਿਹਾ ਹੈ ਕਿ ਬੱਚਿਆਂ ਨੂੰ ਕੁੱਟਣਾ ਗਲਤ ਹੈ।