ਮਿਡ-ਡੇਅ-ਮੀਲ : 85 ਬੱਚਿਆਂ ਨੂੰ ਵੰਡ ਦਿੱਤਾ ਸਿਰਫ਼ ਇਕ ਲੀਟਰ ਦੁੱਧ

11/29/2019 10:05:39 AM

ਸੋਨਭੱਦਰ— ਸੋਨਭੱਦਰ 'ਚ ਇਕ ਪ੍ਰਾਇਮਰੀ ਸਕੂਲ 'ਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇਅ-ਮੀਲ ਦੀ ਅਸਲੀਅਤ ਸਾਹਮਣੇ ਆਈ ਹੈ। ਇੱਥੇ ਇਕ ਲੀਟਰ ਦੁੱਧ 85 ਬੱਚਿਆਂ 'ਚ ਵੰਡਿਆ ਗਿਆ। ਦਰਅਸਲ ਇਕ ਲੀਟਰ ਦੁੱਧ ਨੂੰ ਕਈ ਲੀਟਰ ਪਾਣੀ 'ਚ ਘੋਲ ਕੇ ਬੱਚਿਆਂ ਨੂੰ ਦੇ ਦਿੱਤਾ ਗਿਆ ਸੀ। ਘਟਨਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਐਕਸ਼ਨ 'ਚ ਆਇਆ ਅਤੇ ਸਕੂਲ ਸਟਾਫ਼ ਨੂੰ ਇਸ ਲਾਪਰਵਾਹੀ ਦਾ ਦੋਸ਼ੀ ਪਾਇਆ।
ਜਾਂਚ ਦੇ ਦਿੱਤੇ ਆਦੇਸ਼
ਬੈਸਿਕ ਸਿੱਖਿਆ ਅਧਿਕਾਰੀ ਗੋਰਖਨਾਥ ਪਟੇਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਜਾਂਚ ਰਿਪੋਰਟ ਮਿਲਣ ਤੋਂ ਬਾਅਦ ਦੋਸ਼ੀ ਕਰਮਚਾਰੀਆਂ ਵਿਰੁੱਧ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ,''ਮਿਡ-ਡੇਅ-ਮੀਲ ਲਈ ਤੈਅ ਨਿਯਮਾਂ ਅਨੁਸਾਰ, ਹਰ ਬੱਚੇ ਨੂੰ 150 ਮਿ.ਲੀ. ਦੁੱਧ ਮਿਲਣਾ ਚਾਹੀਦਾ। ਸਾਡੀ ਜਾਣਕਾਰੀ 'ਚ ਜਦੋਂ ਸਾਹਮਣੇ ਆਇਆ ਤਾਂ ਅਸੀਂ ਹੋਰ ਦੁੱਧ ਮੰਗਵਾ ਕੇ ਬੱਚਿਆਂ ਨੂੰ ਪੀਣ ਲਈ ਦਿੱਤਾ।''
ਪਹਿਲਾਂ ਨਮਕ-ਰੋਟੀ ਖੁਆਉਣ ਦਾ ਮਾਮਲਾ ਆਇਆ ਸੀ ਸਾਹਮਣੇ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੀਰਜਾਪੁਰ ਜ਼ਿਲੇ 'ਚ ਬੱਚਿਆਂ ਨੂੰ ਮਿਡ-ਡੇਅ-ਮੀਲ 'ਚ ਨਮਕ-ਰੋਟੀ ਖੁਆਉਣ ਦਾ ਮਾਮਲਾ ਸਾਹਮਣੇ ਆਇਆ ਸੀ। ਬੱਚਿਆਂ ਨਮਕ-ਰੋਟੀ ਖੁਆਉਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਡੀ.ਐੱਮ. ਨੇ ਵੀਡੀਓ ਬਣਾਉਣ ਵਾਲੇ ਪੱਤਰਕਾਰ ਵਿਰੁੱਧ ਹੀ ਐੱਫ.ਆਈ.ਆਰ. ਦਰਜ ਕਰਵਾਈ ਸੀ। ਹਾਲਾਂਕਿ ਸਕੂਲ 'ਚ ਖਾਣਾ ਪਕਾਉਣ ਵਾਲੀ ਰਸੋਈਆ ਰੂਕਮਣੀ ਦੇਵੀ ਨੇ ਦੱਸਿਆ ਕਿ ਬੱਚਿਆਂ ਨੂੰ ਉਸ ਦਿਨ ਨਮਕ-ਰੋਟੀ ਖੁਆਉਣ ਦਾ ਵੀਡੀਓ ਸਹੀ ਹੈ।

DIsha

This news is Content Editor DIsha