ਮਾਸਾਹਾਰੀ ਭੋਜਨ ਪਰੋਸਣ ਲਈ ਏਅਰ ਇੰਡੀਆ ਕਰੂ ਦੀ ਮੈਂਬਰ ਨੇ ਜੂਨੀਅਰ ਨੂੰ ਮਾਰਿਆ ਥੱਪੜ

03/24/2018 2:49:38 AM

ਮੁੰਬਈ— ਨਵੀਂ ਦਿੱਲੀ ਤੋਂ ਫਰੈਂਕਫਰਟ ਜਾ ਰਹੇ ਏਅਰ ਇੰਡੀਆ ਦੇ ਇਕ ਜਹਾਜ਼ 'ਚ ਸਵਾਰ ਇਕ ਸ਼ਾਕਾਹਾਰੀ ਮੁਸਾਫਰ ਨੂੰ ਮਾਸਾਹਾਰੀ ਭੋਜਨ ਪਰੋਸਣ ਲਈ ਕਰੂ ਦੀ ਇਕ ਮੈਂਬਰ ਨੇ ਆਪਣੀ ਜੂਨੀਅਰ ਸਹਿਯੋਗੀ ਨੂੰ ਕਥਿਤ ਤੌਰ 'ਤੇ ਥੱਪੜ ਮਾਰ ਦਿੱਤਾ।  ਏਅਰ ਇੰਡੀਆ ਦੇ ਇਕ ਬੁਲਾਰੇ ਨੇ ਦੱਸਿਆ ਕਿ 17 ਮਾਰਚ ਨੂੰ ਹੋਈ ਘਟਨਾ 'ਚ ਇਨਲਾਈਟ ਸਰਵਿਸ ਵਿਭਾਗ ਨੇ ਇਕ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਸੂਤਰ ਨੇ ਦੱਸਿਆ ਕਿ ਕੈਬਿਨ ਅਟੈਂਡੈਂਟ ਨੇ ਉਪਰੋਕਤ ਜਹਾਜ਼ ਦੀ ਬਿਜ਼ਨੈੱਸ ਸ਼੍ਰੇਣੀ 'ਚ ਸਫਰ ਕਰ ਰਹੇ ਇਕ ਸ਼ਾਕਾਹਾਰੀ ਵਿਅਕਤੀ ਨੂੰ ਗਲਤੀ ਨਾਲ ਮਾਸਾਹਾਰੀ ਭੋਜਨ ਪਰੋਸ ਦਿੱਤਾ ਸੀ। ਮੁਸਾਫਰ ਨੇ ਇਸ ਗਲਤੀ ਦੀ ਜਾਣਕਾਰੀ ਕੈਬਿਨ ਇੰਸਪੈਕਟਰ ਨੂੰ ਦਿੱਤੀ ਪਰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਦਰਜ ਕਰਾਈ। 
ਸੂਤਰ ਨੇ ਦੱਸਿਆ ਕਿ ਆਪਣੀ ਗਲਤੀ ਬਾਰੇ ਪਤਾ ਲੱਗਣ 'ਤੇ ਅਟੈਂਡੈਂਟ ਨੇ ਮੁਸਾਫਰ ਕੋਲੋਂ ਮੁਆਫੀ ਮੰਗੀ। ਉਸ ਨੇ ਖਾਣਾ ਵੀ ਬਦਲਵਾ ਦਿੱਤਾ। ਸੂਤਰ ਨੇ ਦੱਸਿਆ ਕਿ ਇਸ ਦੇ ਬਾਵਜੂਦ ਕੈਬਿਨ ਕਰੂ ਇੰਸਪੈਕਟਰ ਨੇ ਲਾਈਟ ਅਟੈਂਡੈਂਟ ਦੇ ਸਾਹਮਣੇ ਮੁੜ ਇਹ ਮਾਮਲਾ ਉਠਾਇਆ ਅਤੇ ਇਸ ਗਲਤੀ ਲਈ ਉਸ ਨੂੰ ਥੱਪੜ ਮਾਰ ਦਿੱਤਾ।