ਮੇਦਾਂਤਾ ਹਸਪਤਾਲ ''ਤੇ ਲੱਗਾ ਦੋਸ਼, 3 ਦਿਨਾਂ ਇਲਾਜ ਬਦਲੇ ਮਰੀਜ਼ ਤੋਂ ਵਸੂਲੇ 6 ਲੱਖ

01/17/2018 8:53:18 AM

ਗੁਰੂਗਰਾਮ — ਮੇਦਾਂਤਾ ਹਸਪਤਾਲ 'ਚ ਸ਼ੌਰਿਆ ਦੀ ਮੌਤ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਹਸਪਤਾਲ ਦੀ ਲਾਪਰਵਾਹੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ ਸੈਕਟਰ-14 ਦੇ ਨਿਵਾਸੀ ਇਕ ਡਾਕਟਰ ਜੋੜੇ ਦਾ ਹੈ ਜਿਸ ਨੇ ਹਸਪਤਾਲ 'ਤੇ ਮਰੀਜ ਦੀ ਸਹੀ ਜਾਂਚ ਨਾ ਕਰਨ ਅਤੇ ਬੇਲੋੜੀ ਭਰਤੀ ਕਰਕੇ ਪੈਸੇ ਕਮਾਉਣ ਦਾ ਦੋਸ਼ ਲਗਾਇਆ ਹੈ। ਪੀੜਤ ਨੇ ਸੀ.ਐੱਮ. ਵਿੰਡੋ ਅਤੇ ਸਿਹਤ ਵਿਭਾਗ 'ਚ ਸ਼ਿਕਾਇਤ ਦਰਜ ਕਰਵਾਈ ਹੈ। ਵਿਭਾਗ ਨੇ 5 ਮੈਂਬਰਾਂ ਦੀ ਟੀਮ ਦਾ ਗਠਨ ਕਰਕੇ ਜਾਂਚ ਦਾ ਭਰੋਸਾ ਦਿੱਤਾ ਹੈ।
3 ਦਿਨ ਦੇ ਇਲਾਜ ਦੇ ਬਦਲੇ ਵਸੂਲੇ 6 ਲੱਖ 
ਜਾਣਕਾਰੀ ਮੁਤਾਬਕ ਸੈਕਟਰ-14 ਨਿਵਾਸੀ ਡਾ. ਰਾਜੇਸ਼ ਜੈਨ ਪਤਨੀ ਰੇਨੂ ਜੈਨ ਨਾਲ ਰਹਿੰਦੇ ਹਨ। ਕੁਝ ਦਿਨਾਂ 'ਤੋਂ ਰੇਨੂ ਦੀ ਤਬੀਅਤ ਖਰਾਬ ਚਲ ਰਹੀ ਸੀ। ਇਸ ਲਈ ਉਨ੍ਹਾਂ ਨੂੰ 8 ਨਵੰਬਰ ਸੈਕਟਰ-38 ਸਥਿਤ ਮੇਦਾਂਤਾ ਮੈਡੀਸਿਟੀ ਹਸਪਤਾਲ ਲੈ ਗਏ। ਦੋਸ਼ਾਂ ਮੁਤਾਬਕ ਉਥੇ ਰੇਨੂ ਨੂੰ ਜਾਂਚ ਅਤੇ ਇਲਾਜ ਦੇ ਨਾਂ 'ਤੇ 8 ਤੋਂ 11 ਨਵੰਬਰ ਤੱਕ ਭਰਤੀ ਰੱਖਿਆ ਗਿਆ। ਇਸ ਦੌਰਾਨ ਸਿਰਫ 3 ਦਿਨ 'ਚ ਤਕਰੀਬਨ ਸਾਢੇ 6 ਲੱਖ ਰੁਪਏ ਬਤੌਰ ਇਲਾਜ ਦੇ ਨਾਂ 'ਤੇ ਵਸੂਲ ਕੀਤੇ ਗਏ। ਇੰਨਾ ਹੀ ਨਹੀਂ ਉਨ੍ਹਾਂ ਕੋਲ ਮੌਜੂਦ ਹੈਲਥ ਪਾਲਿਸੀ ਵੀ ਹਸਪਤਾਲ ਵਾਲਿਆਂ ਨੇ ਲੈਣ ਤੋਂ ਮਨ੍ਹਾਂ ਕਰ ਦਿੱਤਾ। 
ਜਾਂਚ ਕਰਵਾਉਣ ਤੋਂ ਬਾਅਦ ਵੀ ਬੀਮਾਰੀ ਦਾ ਕੁਝ ਪਤਾ ਨਹੀਂ
ਡਾ. ਰਾਜੇਸ਼ ਜੈਨ ਨੇ ਦੱਸਿਆ ਕਿ 3 ਦਿਨ ਤੱਕ ਜਾਂਚ ਕਰਦੇ ਰਹਿਣ ਦੇ ਬਾਵਜੂਦ ਬੀਮਾਰੀ ਦਾ ਕੁਝ ਪਤਾ ਨਹੀਂ ਲੱਗਾ। ਮਰੀਜ ਦੀ ਬੀਮਾਰੀ ਦਾ ਸਹੀ ਤਰ੍ਹਾਂ ਇਲਾਜ ਨਾ ਹੁੰਦਾ ਦੇਖ ਡਾ. ਜੈਨ ਨੇ ਮੇਦਾਂਤਾ ਹਸਪਤਾਲ 'ਚੋਂ ਮਰੀਜ ਦੀ ਛੁੱਟੀ ਕਰਵਾ ਲਈ। ਇਸ ਤੋਂ ਬਾਅਦ ਉਹ ਸ਼ਹਿਰ 'ਚ ਸਥਿਤ ਇਕ ਹੋਰ ਹਸਪਤਾਲ ਲੈ ਗਏ, ਜਿਥੇ ਜਾ ਕੇ ਪਤਾ ਲੱਗਾ ਕਿ ਮਰੀਜ ਨੂੰ ਸਪਾਈਨ ਇੰਫੈਕਸ਼ਨ ਹੈ ਅਤੇ ਉਨ੍ਹਾਂ ਦਾ ਆਪਰੇਸ਼ਨ ਕਰਨਾ ਪਵੇਗਾ। ਉਥੇ ਡਾਕਟਰਾਂ ਨੇ ਮਰੀਜ ਦਾ ਆਪਰੇਸ਼ਨ ਕਰਕੇ ਉਨ੍ਹਾਂ ਦੀ ਰੀੜ ਦੀ ਹੱਡੀ 'ਚ ਜਮ੍ਹਾ ਹੋਈ 'ਪੱਸ' ਨੂੰ ਕੱਢਿਆ। ਕਈ ਦਿਨਾਂ ਤੱਕ ਹੋਏ ਇਸ ਇਲਾਜ ਤੋਂ ਬਾਅਦ ਮਰੀਜ ਨੂੰ ਆਰਾਮ ਆਇਆ।
ਸਿਵਲ ਹਸਪਤਾਲ ਡਾ. ਪ੍ਰਦੀਪ ਸ਼ਰਮਾ ਦਾ ਕਹਿਣਾ ਹੈ ਕਿ ਪੀੜਤ ਦੇ ਬਿਆਨ 'ਤੇ ਮਾਮਲੇ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। 5 ਮੈਂਬਰਾਂ ਦੀ ਟੀਮ ਗਠਿਤ ਕਰਕੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖਿਰਕਾਰ ਦੋਸ਼ ਕਿਸ ਦਾ ਹੈ।