MCD ਚੋਣਾਂ : ਟਿਕਟ ਨਹੀਂ ਮਿਲਣ ਤੋਂ ਨਾਰਾਜ਼ ''ਆਪ'' ਦੇ ਸਾਬਕਾ ਕੌਂਸਲਰ ਟਾਵਰ ''ਤੇ ਚੜ੍ਹੇ

11/13/2022 5:50:54 PM

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ (ਐੱਮ.ਸੀ.ਡੀ.) ਲਈ ਟਿਕਟ ਨਹੀਂ ਦਿੱਤੇ ਜਾਣ ਤੋਂ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਕੌਂਸਲਰ ਹਸੀਬ-ਉਲ-ਹਸਨ ਨੇ ਐਤਵਾਰ ਨੂੰ ਹਾਈ ਵੋਲਟੇਜ਼ ਡਰਾਮਾ ਕੀਤਾ। ਇਸ ਦੇ ਨਾਲ ਹੀ ਹਸੀਬ-ਉਲ-ਹਸਨ ਨੇ ਪਾਰਟੀ ਦੇ ਤਿੰਨ ਸੀਨੀਅਰ ਨੇਤਾਵਾਂ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ,''ਦੁਰਗੇਸ਼ ਪਾਠਕ, ਆਤਿਸ਼ੀ, ਸੰਜੇ ਸਿੰਘ ਨੇ ਦੀਪੂ ਚੌਧਰੀ ਨੂੰ 3 ਕਰੋੜ ਰੁਪਏ 'ਚ ਟਿਕਟ ਵੇਚਿਆ ਅਤੇ ਮੇਰੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਪਰ ਮੇਰੇ ਕੋਲ ਨਹੀਂ ਹਨ। ਸਾਬਕਾ ਕੌਂਸਲਰ ਸ਼ਾਸਤਰੀ ਪਾਰਕ ਮੈਟਰੋ ਸਟੇਸ਼ਨ ਕੋਲ ਇਕ ਟਰਾਂਸਮਿਸ਼ਨ ਟਾਵਰ 'ਤੇ ਚੜ੍ਹ ਗਿਆ। ਇਹ ਦੇਖਦੇ ਹੀ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਪੁਲਸ ਵੀ ਪਹੁੰਚ ਗਈ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ।

ਪੁਲਸ ਅਧਿਕਾਰੀਆਂ ਨੇ 'ਆਪ' ਦੇ ਸਾਬਕਾ ਕੌਂਸਲਰ ਨੂੰ ਸਮਝਾ ਕੇ ਕਿਸੇ ਤਰ੍ਹਾਂ ਹੇਠਾਂ ਉਤਾਰਿਆ। ਟਰਾਂਸਮਿਸ਼ਨ ਟਾਵਰ ਤੋਂ ਉਤਰਦੇ ਹੀ ਸਾਬਕਾ ਕੌਂਸਲਰ ਨੇ ਕਿਹਾ,''ਸੰਜੇ ਸਿੰਘ, ਦੁਰਗੇਸ਼ ਪਾਠਕ, ਆਤਿਸ਼ੀ ਤਿੰਨੋਂ ਭ੍ਰਿਸ਼ਟ ਹਨ। ਉਨ੍ਹਾਂ ਨੇ ਹੀ ਟਿਕਟ 2-3 ਕਰੋੜ ਰੁਪਏ 'ਚ ਵੇਚੇ ਹਨ।'' ਸਾਬਕਾ ਕੌਂਸਲਰ ਨੇ ਕਿਹਾ ਜੇਕਰ ਮੀਡੀਆ ਨਹੀਂ ਆਉਂਦੀ ਤਾਂ ਦੁਰਗੇਸ਼ ਪਾਠਕ, ਆਤਿਸ਼ੀ, ਸੰਜੇ ਸਿੰਘ ਮੇਰਾ ਪੇਪਰ ਵਾਪਸ ਨਹੀਂ ਕਰਦੇ। ਉਨ੍ਹਾਂ ਨੇ ਦੀਪੂ ਚੌਧਰੀ ਨੂੰ 3 ਕਰੋੜ ਰੁਪਏ 'ਚ ਟਿਕਟ ਵੇਚਿਆ, ਮੇਰੇ ਤੋਂ ਪੈਸੇ ਦੀ ਮੰਗ ਕੀਤੀ ਪਰ ਮੇਰੇ ਕੋਲ ਨਹੀਂ ਹਨ। ਦੱਸਣਯੋਗ ਹੈ ਕਿ ਅਗਲੇ ਮਹੀਨੇ 4 ਦਸੰਬਰ ਨੂੰ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਚੋਣਾਂ ਹੋਣੀਆਂ ਹਨ। 

DIsha

This news is Content Editor DIsha