ਪ੍ਰਾਈਵੇਟ ਮੈਡੀਕਲ ਕਾਲਜਾਂ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ

11/21/2019 5:19:02 PM

ਨਵੀਂ ਦਿੱਲੀ— ਦੇਸ਼ ਭਰ ਵਿਚ ਪ੍ਰਾਈਵੇਟ ਮੈਡੀਕਲ ਕਾਲਜਾਂ 'ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਵੱਡੀ ਗਿਣਤੀ 'ਚ ਵਿਦਿਆਰਥੀ ਐੱਮ. ਬੀ. ਬੀ. ਐੱਸ. ਅਤੇ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਕਰਦੇ ਹਨ। ਇਸ ਲਈ ਸਰਕਾਰ ਉਨ੍ਹਾਂ ਲਈ ਨਵੀਂ ਯੋਜਨਾ ਬਣਾਉਣ ਦੀ ਤਿਆਰੀ 'ਚ ਹੈ। ਪ੍ਰਾਈਵੇਟ ਮੈਡੀਕਲ ਕਾਲਜਾਂ 'ਚ ਐੱਮ. ਬੀ. ਬੀ. ਐੱਸ. ਦੀਆਂ ਅੱਧੀਆਂ ਸੀਟਾਂ ਦੀ ਫੀਸ 70 ਫੀਸਦੀ ਅਤੇ ਪੋਸਟ ਗਰੈਜੂਏਸ਼ਨ ਦੀ ਫੀਸ 90 ਫੀਸਦੀ ਤਕ ਘਟਾਉਣ ਦੀ ਤਿਆਰੀ ਹੈ। ਨਵੇਂ ਨਿਯਮਾਂ ਨਾਲ ਸੰਬੰਧਤ ਡਰਾਫਟ ਸਿਹਤ ਮੰਤਰਾਲੇ ਨੇ ਤਿਆਰ ਕਰਵਾ ਲਿਆ ਹੈ।

ਦਸਬੰਰ ਦੇ ਆਖਰੀ ਹਫਤੇ ਜਾਂ ਜਨਵਰੀ 2020 'ਚ ਇਸ ਡਰਾਫਟ ਨੂੰ ਜਨਤਕ ਕੀਤਾ ਜਾਵੇਗਾ। ਇੱਥੇ ਦੱਸ ਦੇਈਏ ਕਿ ਦੇਸ਼ ਵਿਚ ਮੈਡੀਕਲ ਐਜੂਕੇਸ਼ਨ ਦਾ ਜ਼ਿੰਮਾ ਅਜੇ ਬੋਰਡ ਆਫ ਗਵਰਨੈਂਸ ਦੇ ਜ਼ਿੰਮੇ ਹੈ। ਇਸ ਬੋਰਡ ਨੂੰ ਸਰਕਾਰ ਨੇ ਐੱਮ. ਬੀ. ਬੀ. ਐੱਸ. ਅਤੇ ਪੋਸਟ ਗਰੈਜੂਏਸ਼ਨ ਸੀਟ ਦੀ ਫੀਸ ਤੈਅ ਕਰਨ ਲਈ ਡਰਾਫਟ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। ਬੋਰਡ ਦੇ ਸੂਤਰਾਂ ਮੁਤਾਬਕ ਪ੍ਰਾਈਵੇਟ ਕਾਲਜਾਂ ਦੀ 50 ਫੀਸਦੀ ਐੱਮ. ਬੀ. ਬੀ. ਐੱਸ. ਸੀਟਾਂ ਦੀ ਸਾਲਾਨਾ ਫੀਸ 6 ਲੱਖ ਤੋਂ 10 ਲੱਖ ਰੁਪਏ ਤੈਅ ਹੋਵੇਗੀ।

20 ਹਜ਼ਾਰ ਵਿਦਿਆਰਥੀਆਂ ਨੂੰ ਹੋਵੇਗਾ ਇਸ ਦਾ ਲਾਭ—
ਦੇਸ਼ ਭਰ 'ਚ ਐੱਮ. ਬੀ. ਬੀ. ਐੱਸ. ਦੀਅ 80 ਹਜ਼ਾਰ ਸੀਟਾਂ ਹਨ, ਜਿਨ੍ਹਾਂ 'ਚੋਂ 40 ਹਜ਼ਾਰ ਪ੍ਰਾਈਵੇਟ ਕਾਲਜਾਂ ਵਿਚ ਹਨ। ਇਨ੍ਹਾਂ 'ਚੋਂ ਅੱਧੀ ਯਾਨੀ ਕਿ 20 ਹਜ਼ਾਰ ਸੀਟਾਂ ਦੀ ਫੀਸ ਕੇਂਦਰੀ ਨਿਯਮਾਂ ਮੁਤਾਬਕ ਤੈਅ ਕਰਨ ਦੀ ਤਿਆਰੀ ਹੈ। ਇੱਥੇ ਦੱਸ ਦੇਈਏ ਕਿ ਦਿੱਲੀ, ਮਹਾਰਾਸ਼ਟਰ ਵਰਗੇ ਕਈ ਸੂਬਿਆਂ ਦੇ ਪ੍ਰਾਈਵੇਟ ਕਾਲਜਾਂ 'ਚ ਐੱਮ. ਬੀ. ਬੀ. ਐੱਸ. ਦੀ ਸਾਲਾਨਾ ਫੀਸ 25 ਲੱਖ ਰੁਪਏ ਤਕ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਵਰਗੇ ਕੁਝ ਸੂਬਿਆਂ 'ਚ 10-12 ਲੱਖ ਰੁਪਏ ਹੈ।

Tanu

This news is Content Editor Tanu