ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਮਾਇਆਵਤੀ ਦਾ ਪਹਿਲਾ ਬਿਆਨ ਆਇਆ ਸਾਹਮਣੇ

06/12/2021 4:04:00 PM

ਨਵੀਂ ਦਿੱਲੀ- ਪੰਜਾਬ 'ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ (ਬਸਪਾ) ਵਿਚਾਲੇ ਅੱਜ ਯਾਨੀ ਸ਼ਨੀਵਾਰ ਨੂੰ ਚੋਣਾਵੀਂ ਗਠਜੋੜ ਹੋ ਗਿਆ ਹੈ। ਇਸ ਦਰਮਿਆਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨੂੰ ਫੋਨ ਕਰਕੇ ਵਧਾਈ ਦਿੱਤੀ ਅਤੇ ਪੰਜਾਬ ਆਉਣ ਦਾ ਸੱਦਾ ਦਿੱਤਾ।ਹੁਣ ਇਸ ਗਠਜੋੜ 'ਤੇ ਖ਼ੁਸ਼ੀ ਪ੍ਰਗਟਾਉਂਦਿਆ ਮਾਇਆਵਤੀ ਨੇ ਟਵੀਟ ਕਰ ਕੇ ਕਿਹਾ ਕਿ,''ਪੰਜਾਬ 'ਚ ਅੱਜ ਸ਼੍ਰੋਮਣੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਇਕ ਨਵੀਂ ਸਿਆਸੀ ਅਤੇ ਸਮਾਜਿਕ ਪਹਿਲ ਹੈ। ਜੋ ਯਕੀਨੀ ਤੌਰ 'ਤੇ ਰਾਜ 'ਚ ਜਨਤਾ ਵੱਲੋਂ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਇਸ ਇਤਿਹਾਸਕ ਕਦਮ ਲਈ ਲੋਕਾਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ।''


ਇਕ ਹੋਰ ਟਵੀਟ ਕਰਦੇ ਹੋਏ ਮਾਇਆਵਤੀ ਨੇ ਕਿਹਾ ਕਿ ਉਂਝ ਤਾਂ ਪੰਜਾਬ 'ਚ ਸਮਾਜ ਦਾ ਹਰ ਤਬਕਾ ਕਾਂਗਰਸ ਪਾਰਟੀ ਦੇ ਸ਼ਾਸਨ 'ਚ ਇੱਥੇ ਪੈਦਾ ਗਰੀਬੀ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਆਦਿ ਨਾਲ ਜੂਝ ਰਿਹਾ ਹੈ ਪਰ ਇਸ ਦੀ ਸਭ ਤੋਂ ਜ਼ਿਆਦਾ ਮਾਰ ਦਲਿਤਾਂ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਆਦਿ 'ਤੇ ਪੈ ਰਹੀ ਹੈ, ਜਿਸ ਨਾਲ ਮੁਕਤੀ ਪਾਉਣ ਲਈ ਆਪਣੇ ਇਸ ਗਠਜੋੜ ਨੂੰ ਕਾਮਯਾਬ ਬਣਾਉਣਾ ਬਹੁਤ ਜ਼ਰੂਰੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਸਾਰੀ ਜਨਤਾ ਤੋਂ ਅਪੀਲ ਹੈ ਕਿ ਉਹ ਅਕਾਲੀ ਦਲ ਅਤੇ ਬਸਪਾ ਵਿਚਾਲੇ ਅੱਜ ਹੋਏ ਇਸ ਇਤਿਹਾਸਕ ਗਠਜੋੜ ਨੂੰ ਆਪਣਾ ਪੂਰਾ ਸਮਰਥਨ ਦਿੰਦੇ ਹੋਏ ਇੱਥੇ 2022 ਦੇ ਸ਼ੁਰੂ 'ਚ ਹੀ ਹੋਣ ਵਾਲੀ ਵਿਧਾਨ ਸਭਾ ਆਮ ਚੋਣਾਂ 'ਚ ਇਸ ਗਠਜੋੜ ਦੀ ਸਰਕਾਰ ਬਣਵਾਉਣ 'ਚ ਪੂਰੇ ਜੀ-ਜਾਨ ਨਾਲ ਹੁਣ ਤੋਂ ਹੀ ਜੁਟ ਜਾਣ।

DIsha

This news is Content Editor DIsha