''ਮਾਤਾ ਵੈਸ਼ਨੋ ਦੇਵੀ'' ਜਾਣ ਵਾਲੇ ਭਗਤਾਂ ਲਈ ਵੱਡੀ ਖ਼ੁਸ਼ਖ਼ਬਰੀ, ਅੱਜ ਤੋਂ ਹੋਣਗੇ ਦਰਸ਼ਨ

08/16/2020 8:53:25 AM

ਜੰਮੂ : ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਜਾਣ ਵਾਲੇ ਭਗਤਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ ਕਿਉਂਕਿ ਕੋਰੋਨਾ ਆਫ਼ਤ ਦੌਰਾਨ ਪਿਛਲੇ ਕਰੀਬ 6 ਮਹੀਨਿਆਂ ਤੋਂ ਬੰਦ ਪਿਆ ਮਾਤਾ ਦਾ ਮੰਦਰ 16 ਅਗਸਤ ਮਤਲਬ ਕਿ ਅੱਜ ਤੋਂ ਆਮ ਭਗਤਾਂ ਲਈ ਖੁੱਲ੍ਹ ਗਿਆ ਹੈ। ਕੋਰੋਨਾ ਤੋਂ ਪਹਿਲਾਂ ਇੱਕ ਦਿਨ 'ਚ 50-60 ਹਜ਼ਾਰ ਲੋਕ ਮਾਤਾ ਦੇ ਦਰਸ਼ਨ ਕਰਦੇ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਸੀ. ਈ. ਓ. ਰਮੇਸ਼ ਕੁਮਾਰ ਨੇ ਦੱਸਿਆ ਕਿ ਇਹ ਯਾਤਰਾ ਐਤਵਾਰ (16 ਅਗਸਤ) ਤੋਂ ਸ਼ੁਰੂ ਹੋਣੀ ਹੈ ਅਤੇ ਦਰਸ਼ਨਾਂ ਲਈ ਭਗਤਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ।

ਸਾਰੇ ਭਗਤਾਂ ਲਈ ਫੋਨ 'ਚ 'ਅਰੋਗਿਆ ਸੇਤੂ ਐਪ' ਡਾਊਨਲੋਡ ਕਰਨੀ ਜ਼ਰੂਰੀ ਹੋਵੇਗੀ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਥਰਮਲ ਸਕੈਨਿੰਗ ਵੀ ਕੀਤੀ ਜਾਵੇਗੀ। 10 ਸਾਲ ਤੋਂ ਘੱਟ ਉਮਰ ਦੇ ਬੱਚੇ, ਗਰਭਵਤੀ ਜਨਾਨੀਆਂ ਅਤੇ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਦਰਸ਼ਨ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਨਾਲ ਹੀ ਜਿਨ੍ਹਾਂ ਲੋਕਾਂ 'ਚ ਕੋਵਿਡ-19 ਨਾਲ ਜੁੜਿਆ ਕੋਈ ਵੀ ਲੱਛਣ ਦਿਖਾਈ ਦੇਵੇਗਾ, ਉਨ੍ਹਾਂ ਨੂੰ ਦਰਸ਼ਨ ਕਰਨ ਤੋਂ ਰੋਕ ਦਿੱਤਾ ਜਾਵੇਗਾ।

ਜਿਨ੍ਹਾਂ ਸ਼ਰਧਾਲੂਆਂ ਕੋਲ ਕੋਵਿਡ-19 ਦੀ ਨੈਗੇਟਿਵ ਰਿਪੋਰਟ ਹੋਵੇਗੀ, ਉਨ੍ਹਾਂ ਨੂੰ ਹੀ ਮੰਦਰ ਦੇ ਅੰਦਰ ਜਾਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅਜੇ ਪਿੱਠੂਆਂ, ਪਾਲਕੀਆਂ ਅਤੇ ਖੱਚਰਾਂ ਦੀ ਵਿਵਸਥਾ ਸ਼ੁਰੂ ਨਹੀਂ ਕੀਤੀ ਜਾ ਰਹੀ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਬੈਟਰੀ ਵਾਲੇ ਵਾਹਨ, ਰੋਪਵੇਅ ਅਤੇ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਜਾਵੇਗੀ। ਰਮੇਸ਼ ਕੁਮਾਰ ਨੇ ਦੱਸਿਆ ਕਿ ਯਾਤਰਾ ਨੂੰ ਸੌਖਾ ਬਣਾਉਣ ਲਈ ਬੈਟਰੀ ਵਾਹਨ, ਰੋਪਵੇਅ ਅਤੇ ਹੈਲੀਕਾਪਟਰ ਸੇਵਾਵਾਂ ਨੂੰ ਸਮਾਜਿਕ ਦੂਰੀ ਦਾ ਪਾਲਣ ਕਰਕੇ ਚਲਾਇਆ ਜਾਵੇਗਾ। ਮੰਦਰ ਜਾਣ ਵਾਲੇ ਸ਼ਰਧਾਲੂਆਂ ਲਈ ਮਾਸਕ, ਫੇਸ ਕਵਰ ਪਾਉਣਾ ਲਾਜ਼ਮੀ ਹੋਵੇਗਾ।

ਮੰਦਰ 'ਚ ਭਗਤਾਂ ਦੇ ਰੁਕਣ ਲਈ ਮੁਫਤ ਰਿਹਾਇਸ਼ ਦੀ ਵਿਵਸਥਾ ਵੀ ਹੈ। ਅਰਧ ਕੁਆਰੀ, ਸਾਂਝੀਛੱਤ ਅਤੇ ਭਵਨ ਦੇ ਆਸ-ਪਾਸ ਕਈ ਵੱਡੇ-ਵੱਡੇ ਹਾਲ ਹਨ, ਜਿੱਥੇ ਭਗਤ ਮੁਫ਼ਤ 'ਚ ਠਹਿਰ ਸਕਦੇ ਹਨ। ਇੱਥੇ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ 'ਤੇ ਰਿਹਾਇਸ਼ ਮਿਲਦੀ ਹੈ। ਇੱਥੇ ਭਗਤਾਂ ਲਈ ਮੁਫ਼ਤ ਕੰਬਲ ਸਟੋਰ ਵੀ ਹਨ ਪਰ ਫਿਲਹਾਲ ਕੋਰੋਨਾ ਕਾਰਨ ਭਗਤਾਂ ਨੂੰ ਕੰਬਲ ਨਹੀਂ ਦਿੱਤੇ ਜਾਣਗੇ।

Babita

This news is Content Editor Babita