ਵਿਆਹ ਦੇ ਦੂਜੇ ਦਿਨ ਪਤੀ ਬੋਲਿਆ- ਪਤਨੀ ਦੀਆਂ ਉਂਗਲੀਆਂ ਟੇਢੀਆਂ, ਤਲਾਕ ਚਾਹੀਦੈ

11/11/2019 1:58:21 PM

ਹਾਜੀਪੁਰ— ਵਿਆਹ-ਸ਼ਾਦੀਆਂ ਨੂੰ ਲੈ ਕੇ ਅਨੋਖੇ ਮਾਮਲੇ ਸਾਹਮਣੇ ਆਉਂਦੇ ਹਨ। ਨਿੱਕੀ-ਨਿੱਕੀ ਗੱਲ 'ਤੇ ਤਲਾਕ ਦੇ ਦੇਣਾ ਅੱਜ ਦੇ ਸਮੇਂ ਵਿਚ ਆਮ ਜਿਹੀ ਗੱਲ ਹੋ ਗਈ ਹੈ। ਪੁਲਸ ਥਾਣਿਆਂ 'ਚ ਤਲਾਕ ਨੂੰ ਲੈ ਕੇ ਹੰਗਾਮੇ ਤਕ ਹੋ ਜਾਂਦੇ ਹਨ। ਕੁਝ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਬਿਹਾਰ ਦੇ ਹਾਜੀਪੁਰ 'ਚ। ਜਿੱਥੇ ਦੋ ਦਿਨ ਪਹਿਲਾਂ ਹੀ ਹਾਜੀਪੁਰ ਦੇ ਅਧੀਨ ਆਉਂਦੇ ਇਕ ਪਿੰਡ ਵਿਚ ਵਿਆਹੀ ਆਈ ਲਾੜੀ ਨੇ ਪਤੀ ਅਤੇ ਸਹੁਰੇ ਪਰਿਵਾਰ 'ਤੇ ਦਾਜ ਘੱਟ ਲਿਆਉਣ, ਅਪਾਹਜ ਹੋਣ ਦੇ ਤਾਅਨੇ ਦੇ ਕੇ ਘਰੋਂ ਕੱਢਣ ਦੇ ਦੋਸ਼ ਲਾਏ ਹਨ। ਇਹ ਮਾਮਲਾ ਥਾਣਾ ਹਾਜੀਪੁਰ ਪਹੁੰਚ ਗਿਆ ਹੈ। 

ਓਧਰ ਲਾੜੇ ਵਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਗਿਆ ਕਿ ਲੜਕੀ ਦੀਆਂ ਉਂਗਲੀਆਂ ਟੇਢੀਆਂ ਸਨ। ਇਹ ਮੇਰੇ ਨਾਲ ਧੋਖਾ ਹੋਇਆ ਹੈ। ਲਾੜੇ ਨੇ ਕਿਹਾ ਕਿ ਮੇਰੇ ਨਾਲ ਸਹੁਰੇ ਵਾਲਿਆਂ ਨੇ ਧੋਖਾ ਕੀਤਾ ਹੈ। ਉਸ ਨੇ ਦੱਸਿਆ ਕਿ ਵਿਆਹ ਦੇ ਦੂਜੇ ਦਿਨ ਸਵੇਰੇ ਵਿਆਹ ਦੀਆਂ ਰਸਮਾਂ ਦੌਰਾਨ ਪਤਾ ਲੱਗਾ ਕਿ ਉਸ ਦੀ ਪਤਨੀ ਦਾ ਸੱਜਾ ਹੱਥ ਠੀਕ ਨਾਲ ਕੰਮ ਨਹੀਂ ਕਰਦਾ। ਹੱਥਾਂ ਦੀਆਂ ਉਂਗਲੀਆਂ ਵੀ ਟੇਢੀਆਂ ਹਨ ਪਰ ਇਹ ਸਭ ਵਿਆਹ ਤੋਂ ਪਹਿਲਾਂ ਮੈਨੂੰ ਨਹੀਂ ਦੱਸਿਆ ਗਿਆ,  ਮੈਨੂੰ ਤਲਾਕ ਚਾਹੀਦਾ ਹੈ। ਲਾੜੇ ਦਾ ਇਹ ਵੀ ਕਹਿਣਾ ਹੈ ਕਿ ਉਸ 'ਤੇ ਉਸ ਦੀ ਪਤਨੀ ਵਲੋਂ ਲਾਏ ਗਏ ਸਾਰੇ ਦੋਸ਼ ਝੂਠੇ ਹਨ। ਉਨ੍ਹਾਂ ਨੇ ਦਾਜ ਦੀ ਕੋਈ ਮੰਗ ਨਹੀਂ ਕੀਤੀ ਅਤੇ ਨਾ ਹੀ ਪਤਨੀ ਨੂੰ ਅਪਾਹਜ ਹੋਣ ਦੇ ਤਾਅਨੇ ਦਿੱਤੇ ਹਨ। 

ਦੋਹਾਂ ਪਰਿਵਾਰਾਂ ਵਲੋਂ ਕੀਤੀ ਗਈ ਸ਼ਿਕਾਇਤ 'ਤੇ ਐਤਵਾਰ ਦੇਰ ਰਾਤ ਤਕ ਕਰੀਬ 3 ਘੰਟੇ ਪੁਲਸ ਨੇ ਦੋਹਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਪਰ ਮਾਮਲਾ ਕਿਸੇ ਨਤੀਜੇ 'ਤੇ ਨਹੀਂ ਪੁੱਜਾ। ਪੁਲਸ ਮੁਤਾਬਕ ਹੁਣ ਦੋਹਾਂ ਪਰਿਵਾਰਾਂ ਨੇ ਮੰਗਲਵਾਰ ਤਕ ਦਾ ਸਮਾਂ ਮੰਗਿਆ ਹੈ।


Tanu

Content Editor

Related News