ਰਾਜਸਥਾਨ ''ਚ ਕਾਂਗਰਸ ਦਾ ਵੱਡਾ ਦਾਅ-ਪੇਚ, ਵਸੁੰਧਰਾ ਵਿਰੁੱਧ ਲੜੇਗਾ ਜਸਵੰਤ ਦਾ ਪੁੱਤਰ

11/17/2018 5:29:03 PM

ਜੈਪੁਰ (ਭਾਸ਼ਾ)— ਕਾਂਗਰਸ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਸ਼ਨੀਵਾਰ ਨੂੰ ਜਾਰੀ ਕੀਤੀ। ਇਸ ਵਿਚ ਹੈਰਾਨ ਕਰਨ ਵਾਲਾ ਨਾਂ ਮਾਨਵਿੰਦਰ ਸਿੰਘ ਦਾ ਹੈ, ਜਿਨ੍ਹਾਂ ਨੂੰ ਪਾਰਟੀ ਨੇ ਝਾਲਰਾਪਾਟਨ ਸੀਟ 'ਤੇ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਵਿਰੁੱਧ ਮੈਦਾਨ ਵਿਚ ਉਤਾਰ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦੇ ਪੁੱਤਰ ਮਾਨਵਿੰਦਰ ਪਿਛਲੇ ਮਹੀਨੇ ਹੀ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਸਨ। 

 


ਕਾਂਗਰਸ ਨੇ ਮਾਨਵਿੰਦਰ ਸਿੰਘ ਨੂੰ ਉਮੀਦਵਾਰ ਬਣਾ ਕੇ ਸਿਆਸੀ ਗਲਿਆਰੇ ਵਿਚ ਹਲ-ਚਲ ਪੈਦਾ ਕਰ ਦਿੱਤੀ ਹੈ। ਹੁਣ ਤਕ ਤਾਂ ਇਹ ਹੀ ਮੰਨਿਆ ਜਾ ਰਿਹਾ ਸੀ ਕਿ ਪਾਰਟੀ ਉਨ੍ਹਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਬਚਾ ਕੇ ਰੱਖੇਗੀ। ਕਾਂਗਰਸ ਦੀ ਦੂਜੀ ਸੂਚੀ ਵਿਚ ਕੁੱਲ 32 ਨਾਂ ਹਨ। ਉਸ ਨੇ ਮੌਜੂਦਾ ਵਿਧਾਇਕ ਵਿਸ਼ਵਿੰਦਰ ਸਿੰਧ ਨੂੰ ਮੁੜ ਤੋਂ ਟਿਕਟ ਦਿੱਤੀ ਹੈ। ਸੂਚੀ ਵਿਚ 8 ਅਜਿਹੇ ਚਿਹਰੇ ਹਨ, ਜੋ 2013 ਵਿਚ ਵੀ ਪਾਰਟੀ ਵਲੋਂ ਚੋਣ ਲੜ ਚੁੱਕੇ ਹਨ। 



ਉਮੀਦਵਾਰ ਐਲਾਨ ਕੀਤੇ ਜਾਣ ਮਗਰੋਂ ਮਾਨਵਿੰਦਰ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਕੇਂਦਰੀ ਚੋਣ ਕਮੇਟੀ ਨੇ ਮੇਰੇ 'ਤੇ ਵਿਸ਼ਵਾਸ ਜਤਾਇਆ ਹੈ। ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਇਹ ਮੇਰੀ ਲਈ ਇਕ ਚੁਣੌਤੀ ਹੈ, ਜਿਸ ਨੂੰ ਮੈਂ ਸਵੀਕਾਰ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਪਹਿਲਾਂ ਤੋਂ ਤੈਅ ਨਹੀਂ ਸੀ। ਪਾਰਟੀ ਵਲੋਂ ਅਚਾਨਕ ਹੀ ਮੈਨੂੰ ਕਿਹਾ ਗਿਆ। ਪਾਰਟੀ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ, ਜਿਸ ਨੂੰ ਮੈਂ ਪੂਰੀ ਤਰ੍ਹਾਂ ਨਿਭਾਵਾਂਗਾ। ਦੱਸਣਯੋਗ ਹੈ ਕਿ ਮਾਨਵਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਭਾਜਪਾ ਤੋਂ ਨਾਰਾਜ਼ ਚਲ ਰਹੇ ਸਨ ਅਤੇ ਹਾਲ ਹੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਸਨ।