ਜੀ. ਕੇ. ਦਾ ਐਲਾਨ, ਦਿੱਲੀ ਚੋਣਾਂ 'ਚ ਭਾਜਪਾ ਦਾ ਕਰਾਂਗੇ ਸਮਰਥਨ

01/29/2020 4:17:59 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਐਲਾਨ ਕੀਤਾ ਹੈ ਕਿ ਉਹ ਚੋਣਾਂ 'ਚ ਭਾਜਪਾ ਦਾ ਸਮਰਥਨ ਕਰਨਗੇ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ 'ਜਾਗੋ' (ਜਗ ਆਸਰਾ ਗੁਰੂ ਓਟ) ਭਾਜਪਾ ਪਾਰਟੀ ਨੂੰ ਦਿੱਲੀ ਚੋਣਾਂ 'ਚ ਸਮਰਥਨ ਦੇਵੇਗੀ। ਜੋ ਸਾਡੇ ਮਸਲੇ ਹੱਲ ਕਰੇਗਾ, ਅਸੀਂ ਉਸ ਦਾ ਸਾਥ ਦੇਵਾਂਗੇ। ਪਿਛਲੇ 6 ਸਾਲਾਂ ਤੋਂ ਸਿੱਖ ਕੌਮ ਦੇ ਕਈ ਮਸਲੇ ਹੱਲ ਹੋਏ ਹਨ। ਅਸੀਂ ਆਪਣੀ ਕੌਮ ਦੇ ਹੋਰ ਮਸਲੇ ਹੱਲ ਕਰਵਾਉਣੇ ਹਨ।

ਜੀ. ਕੇ. ਨੇ ਇਹ ਐਲਾਨ ਭਾਜਪਾ ਦੇ ਨਵੇਂ ਚੁਣੇ ਗਏ ਪ੍ਰਧਾਨ ਜੇ. ਪੀ. ਨੱਢਾ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਹੈ। ਜੀ. ਕੇ. ਦਿੱਲੀ 'ਚ ਪ੍ਰੈੱਸ ਕਾਨਫਰੰਸ ਕਰ ਕੇ ਭਾਜਪਾ ਨੂੰ ਸਮਰਥਨ ਦੇਣ ਦੀ ਗੱਲ ਆਖੀ ਹੈ। ਜੀ. ਕੇ. ਨੇ ਕਿਹਾ ਕਿ ਭਾਜਪਾ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਸਮਰਥਨ ਮੰਗਿਆ। ਉਨ੍ਹਾਂ ਕਿਹਾ ਕਿ ਸਾਨੂੰ ਨੂੰ ਭਾਜਪਾ ਤੋਂ ਟਿਕਟ ਨਹੀਂ ਚਾਹੀਦੀ। ਜੀ. ਕੇ. ਨੇ ਪ੍ਰਕਾਸ਼ ਸਿੰਘ ਬਾਦਲ ਬਾਰੇ ਬੋਲਦਿਆਂ ਕਿਹਾ ਕਿ ਬਾਦਲ ਆਪਣੇ ਫਾਇਦੇ ਲਈ ਪੀ. ਐੱਮ. ਨਰਿੰਦਰ ਮੋਦੀ ਕੋਲ ਜਾਂਦੇ ਹਨ, ਇਸ ਲਈ ਭਾਜਪਾ ਨੇ ਅਕਾਲੀ ਦਲ ਨੂੰ ਟਿਕਟ ਨਹੀਂ ਦਿੱਤੀ। 

ਦੱਸਣਯੋਗ ਹੈ ਕਿ ਮਨਜੀਤ ਸਿੰਘ ਜੀ. ਕੇ. 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ, ਜਿਸ ਕਾਰਨ ਉਨ੍ਹਾਂ ਨੇ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ। ਬੀਤੇ ਸਾਲ ਹੀ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ 'ਚੋਂ ਛੁੱਟੀ ਵੀ ਕਰ ਦਿੱਤੀ ਗਈ ਸੀ। ਇਹ ਫੈਸਲਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਦੀ ਪ੍ਰਧਾਨਗੀ 'ਚ ਲਿਆ ਗਿਆ ਸੀ, ਜਿਸ 'ਚ ਜੀ. ਕੇ. ਨੂੰ ਪਾਰਟੀ 'ਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਸੀ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਜੀ. ਕੇ. ਆਪਣੀ ਨਵੀਂ ਪਾਰਟੀ ਬਣਾਈ ਸੀ, ਜਿਸ ਦਾ ਨਾਂ 'ਜਾਗੋ' ਰੱਖਿਆ ਗਿਆ ਹੈ।


Tanu

Content Editor

Related News