ਮਣੀਪੁਰ ਹਿੰਸਾ ਸ਼ਰਮਨਾਕ, ਬਲਾਤਕਾਰੀਆਂ ਨੂੰ ਹੋਣੀ ਚਾਹੀਦੀ ਹੈ ਮੌਤ ਦੀ ਸਜ਼ਾ : ਸ਼ਾਂਤਾ ਕੁਮਾਰ

08/03/2023 3:15:51 PM

ਸ਼ਿਮਲਾ-  ਮਣੀਪੁਰ ਦੀ ਹਿੰਸਾ ਨੂੰ ਭਾਜਪਾ ਦੇ ਦਿੱਗਜ਼ ਨੇਤਾ ਸ਼ਾਂਤਾ ਕੁਮਾਰ ਨੇ ਸ਼ਰਮਨਾਕ ਦੱਸਿਆ। ਉਨ੍ਹਾਂ ਕਿਹਾ ਕਿ ਪੂਰਬੀ-ਉੱਤਰੀ ਸੂਬੇ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਨੂੰ ਮੌਤ ਦੀ ਸਜ਼ਾ ਜ਼ਰੀਏ ਰੋਕਿਆ ਜਾਣਾ ਚਾਹੀਦਾ ਹੈ। ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਸ਼ਾਂਤਾ ਕੁਮਾਰ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ 'ਚ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ 'ਚ ਮਣੀਪੁਰ ਅਤੇ ਹੋਰ ਸੂਬਿਆਂ 'ਚ ਵਾਪਰਨ ਵਾਲੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਬੇਹੱਦ ਸ਼ਰਮਨਾਕ ਹਨ। 

ਸ਼ਾਂਤਾ ਕੁਮਾਰ ਨੇ ਕਿਹਾ ਕਿ ਪਿਛਲੇ 3 ਸਾਲਾਂ 'ਚ ਦੇਸ਼ ਵਿਚ 13 ਲੱਖ ਕੁੜੀਆਂ ਅਤੇ ਔਰਤਾਂ ਲਾਪਤਾ ਹੋਈਆਂ ਹਨ, ਜੋ ਹੋਰ ਵੀ ਵੱਧ ਸ਼ਰਮਨਾਕ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਵਿਚਾਰ ਨਾ ਕੀਤਾ ਜਾਣਾ ਸਭ ਤੋਂ ਵੱਧ ਸ਼ਰਮਨਾਕ ਹੈ। ਪੂਰੇ ਦੇਸ਼ ਹੰਝੂ ਵਹਾ ਰਿਹਾ ਹੈ, ਨੇਤਾ ਲੜ ਰਹੇ ਹਨ। ਵੋਟ ਦੀਆਂ ਰੋਟੀਆਂ ਸੇਕ ਰਹੇ ਹਨ। ਪਰਮਾਤਮਾ ਸਾਰਿਆਂ ਨੂੰ ਬੁੱਧੀ ਬਖ਼ਸ਼ੇ। 

ਉਨ੍ਹਾਂ ਕਿਹਾ ਕਿ ਭਾਰਤ ਦਾ ਲੋਕਤੰਤਰ ਇੰਨਾ ਡਿੱਗ ਜਾਵੇਗਾ, ਕਦੇ ਸੋਚਿਆ ਨਹੀਂ ਸੀ। ਇਹ ਕਿਹੋ ਜਿਹਾ ਅੰਮ੍ਰਿਤ ਮਹਾਉਤਸਵ ਮਨਾਇਆ ਜਾ ਰਿਹਾ ਹੈ। ਕੁਮਾਰ ਨੇ ਹਾਲ ਹੀ 'ਚ ਮਣੀਪੁਰ 'ਚ ਵਾਪਰੀ ਘਟਨਾ ਨੂੰ ਦੇਸ਼ ਲਈ ਸ਼ਰਮਨਾਕ ਦੱਸਦਿਆਂ ਕਿਹਾ ਕਿ ਔਰਤਾਂ ਖਿਲਾਫ਼ ਹੋਣ ਵਾਲੇ ਅਪਰਾਧ ਨੂੰ ਸਖ਼ਤ ਸਜ਼ਾ ਜ਼ਰੀਏ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਫਾਸਟ ਟਰੈਕ ਕੋਰਟ ਵਿਚ 3 ਮਹੀਨਿਆਂ ਦੀ ਸੁਣਵਾਈ ਪੂਰੀ ਹੋਣੀ ਚਾਹੀਦੀ ਹੈ ਅਤੇ ਦੇਸ਼ 'ਚ ਬਲਾਤਕਾਰ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਹੋਣੀ ਚਾਹੀਦੀ ਹੈ।

Tanu

This news is Content Editor Tanu