5 ਲੱਖ ਲਈ ਹੋਇਆ 16 ਸਾਲ ਦੀ ਲੜਕੀ ਦਾ 65 ਸਾਲ ਦੇ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਪਰੇਸ਼ਾਨ

08/18/2017 12:06:35 PM

ਨਵੀਂ ਦਿੱਲੀ— ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਉਹ 16 ਸਾਲਾ ਲੜਕੀ ਨੂੰ ਮੁਕਤ ਕਰਵਾਉਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕਰੇਗੀ, ਜਿਸ ਦਾ ਵਿਆਹ ਕਥਿਤ ਤੌਰ 'ਤੇ 5 ਲੱਖ ਰੁਪਏ ਲਈ ਓਮਾਨ ਦੇ ਇਕ ਬਜ਼ੁਰਗ ਸ਼ੇਖ ਨਾਲ ਕਰ ਦਿੱਤਾ ਗਿਆ ਹੈ। ਮੇਨਕਾ ਨੇ ਘਟਨਾ 'ਤੇ ਮੀਡੀਆ ਰਿਪੋਰਟਾਂ 'ਤੇ ਟਵਿੱਟਰ 'ਤੇ ਪ੍ਰਤੀਕਿਰਿਆ ਦਿੱਤੀ, ਜਿਸ ਨੂੰ ਉਨ੍ਹਾਂ ਨੇ ਬੇਹੱਦ ਪਰੇਸ਼ਾਨ ਕਰਨ ਵਾਲਾ ਕਰਾਰ ਦਿੱਤਾ।
 

ਉਨ੍ਹਾਂ ਨੇ ਟਵੀਟ ਕੀਤਾ ਕਿ ਹੈਦਰਾਬਾਦ ਦੇ ਪੁਲਸ ਕਮਿਸ਼ਨਰ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਉਸ ਵਿਅਕਤੀਆਂ ਦੀ ਪਛਾਣ ਕਰਨ ਲਈ ਕਿਹਾ ਹੈ, ਜਿਨ੍ਹਾਂ ਨੇ ਇਸ ਗੈਰ-ਕਾਨੂੰਨੀ ਵਿਆਹ ਲਈ ਮਜ਼ਬੂਰ ਕੀਤਾ। ਮੈਂ ਸੁਸ਼ਮਾ ਸਵਰਾਜ ਤੋਂ ਦਖਲਅੰਦਾਜ਼ੀ ਕਰਨ ਅਤੇ ਲੜਕੀ ਨੂੰ ਓਮਾਨ ਤੋਂ ਵਾਪਸ ਭਾਰਤ ਲਿਆਉਣ ਦੀ ਅਪੀਲ ਕਰਾਂਗੀ। ਉਨ੍ਹਾਂ ਨੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੂੰ ਲੜਕੀ ਦੇ ਪਰਿਵਾਰ ਨਾਲ ਸੰਪਰਕ ਕਰਨ ਲਈ ਵੀ ਕਿਹਾ ਹੈ।

ਮੀਡੀਆ ਰਿਪੋਰਟਸ ਅਨੁਸਾਰ 8ਵੀਂ ਜਮਾਤ 'ਚ ਪੜ੍ਹਨ ਵਾਲੀ ਲੜਕੀ ਦਾ ਤਿੰਨ ਮਹੀਨੇ ਪਹਿਲਾਂ 5 ਲੱਖ ਰੁਪਏ ਲਈ ਓਮਾਨ ਦੇ 65 ਸਾਲਾ ਅਹਿਮਦ ਨਾਂ ਦੇ ਸ਼ੇਖ ਨਾਲ ਵਿਆਹ ਕਰਵਾ ਦਿੱਤਾ ਗਿਆ ਸੀ। ਲੜਕੀ ਦੇ ਮਾਤਾ-ਪਿਤਾ ਨੇ ਵੀਰਵਾਰ ਨੂੰ ਪੁਲਸ 'ਚ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਕਿ ਉਸ ਦੀ ਇਕ ਰਿਸ਼ਤੇਦਾਰ ਨੇ ਪੈਸਿਆਂ ਲਈ ਇਹ ਵਿਆਹ ਕਰਵਾ ਦਿੱਤਾ।