ਦਿੱਲੀ : ਝਗੜੇ ਤੋਂ ਬਾਅਦ ਪਤੀ ਨੇ ਪਤਨੀ ਦਾ ਗਲ਼ ਘੁੱਟ ਕੇ ਕੀਤਾ ਕਤਲ

05/11/2020 11:09:53 AM

ਨਵੀਂ ਦਿੱਲੀ— ਦੱਖਣੀ ਦਿੱਲੀ ਦੇ ਦੱਖਣਪੁਰੀ ਖੇਤਰ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਦੋਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਕਾਰਨ ਪਤੀ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਖਣੀ ਦਿੱਲੀ ਦੇ ਡਿਪਟੀ ਕਮਿਸ਼ਨਰ ਅਤੁਲ ਕੁਮਾਰ ਠਾਕੁਰ ਨੇ ਕਿਹਾ ਕਿ ਦੱਖਣਪੁਰੀ ਖੇਤਰ ਦਾ ਵਸਨੀਕ ਅੰਬੇਡਕਰ ਨਗਰ ਥਾਣੇ ਆਇਆ ਅਤੇ ਕਿਹਾ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਜਦੋਂ ਪੁਲਸ ਉਕਤ ਵਿਅਕਤੀ ਦੇ ਘਰ ਗਈ ਤਾਂ ਉਸ ਦੀ ਪਤਨੀ ਮ੍ਰਿਤਕ ਹਾਲਤ ਵਿਚ ਪਈ ਸੀ।

ਘਟਨਾ ਵਾਲੀ ਥਾਂ ਅਤੇ ਲਾਸ਼ ਦੇ ਨਿਰੀਖਣ ਦੌਰਾਨ ਉਸ ਦੀ ਗਰਦਨ 'ਤੇ ਗਲ਼ ਘੁੱਟ ਕੇ ਮਾਰਨ ਦੇ ਨਿਸ਼ਾਨ ਮਿਲੇ ਹਨ। ਪੁਲਸ ਨੇ ਕਿਹਾ ਕਿ ਲਾਸ਼ ਨੂੰ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ਦੇ ਮੁਰਦਾਘਰ 'ਚ ਰੱਖ ਦਿੱਤਾ ਗਿਆ ਹੈ ਅਤੇ ਵਿਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਪੁੱਛ-ਗਿੱਛ ਦੌਰਾਨ ਦੋਸ਼ੀ ਵਿਜੇ ਨੇ ਖੁਲਾਸਾ ਕੀਤਾ ਕਿ ਰਾਤ ਦੇ ਸਮੇਂ ਉਸ ਦੇ ਅਤੇ ਉਸ ਦੀ ਪਤਨੀ ਵਿਚਾਲੇ ਝਗੜਾ ਹੋਇਆ ਸੀ ਅਤੇ ਹੱਥੋਂਪਾਈ ਦੌਰਾਨ ਉਸ ਨੇ ਉਸ ਦਾ ਗਲ਼ ਘੁੱਟ ਦਿੱਤਾ।


Tanu

Content Editor

Related News