ਫੇਸਬੁੱਕ ਫ੍ਰੈਂਡ ਨਾਲ ਵਿਆਹ ਕਰਨ ਲਈ ਵਿਅਕਤੀ ਨੇ ਮਾਰ ਦਿੱਤੇ ਮਾਂ-ਪਿਓ

05/23/2018 2:04:02 AM

ਨਵੀਂ ਦਿੱਲੀ— ਦੱਖਣ-ਪੂਰਬੀ ਦਿੱਲੀ ਦੇ ਜਾਮਿਆ ਨਗਰ 'ਚ ਇਕ 26 ਸਾਲਾਂ ਵਿਅਕਤੀ ਨੇ ਫੇਸਬੁੱਕ 'ਤੇ ਦੋਸਤ ਬਣੀ ਇਕ ਔਰਤ ਨਾਲ ਵਿਆਹ ਕਰਨ ਦੀ ਆਗਿਆ ਨਾ ਦੇਣ 'ਤੇ ਆਪਣੇ ਮਾਂ-ਪਿਓ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਅਬਦੁੱਲ ਰਹਿਮਾਨ ਨੇ ਉਨ੍ਹਾਂ ਦੀ ਜਾਇਦਾਦ 'ਤੇ ਕਬਜ਼ਾ ਕਰਨ ਲਈ ਉਨ੍ਹਾਂ ਦਾ ਕਤਲ ਕਰ ਦਿੱਤਾ। ਉਸ ਦਾ ਕਾਨਪੁਰ ਦੀ ਇਕ ਔਰਤ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਉਹ ਦੋਵੇਂ 2 ਸਾਲ ਪਹਿਲਾਂ ਫੇਸਬੁੱਕ 'ਤੇ ਦੋਸਤ ਬਣੇ ਸਨ।
ਰਹਿਮਾਨ ਦਾ ਪਹਿਲਾ ਵਿਆਹ ਟੁੱਟ ਗਿਆ ਹੈ। ਬਾਅਦ 'ਚ ਉਸ ਦੀ ਦੋਸਤੀ ਕਾਨਪੁਰ ਦੀ ਇਕ ਔਰਤ ਨਾਲ ਹੋ ਗਈ। ਸਾਲ 2017 'ਚ ਉਸ ਨੇ ਆਪਣੇ ਮਾਤਾ-ਪਿਤਾ ਦੀ ਮਰਜ਼ੀ ਨਾਲ ਇਕ ਹੋਰ ਔਰਤ ਨਾਲ ਵਿਆਹ ਕੀਤਾ। ਪੁਲਸ ਦੇ ਸੀਨੀਅਰ ਅਧਿਕਾਰੀ ਚਿਨਮਯ ਨੇ ਦੱਸਿਆ ਕਿ ਉਸ ਦਾ ਇਸ ਦੌਰਾਨ ਅਫੇਅਰ ਚੱਲਦਾ ਰਿਹਾ। ਉਹ ਫੇਸਬੁੱਕ 'ਤੇ ਬਣੀ ਆਪਣੀ ਦੋਸਤ ਨਾਲ ਮਿਲਦਾ ਰਹਿੰਦਾ ਸੀ ਤੇ ਉਸ ਨੇ ਲੜਕੀ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ। ਰਹਿਮਾਨ ਨੇ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਉਹ ਆਪਣੀ ਦੋਸਤ ਨਾਲ ਵਿਆਹ ਕਰਨਾ ਚਾਹੁੰਦਾ ਹੈ ਪਰ ਉਨ੍ਹਾਂ ਨੇ ਇਸ 'ਤੇ ਇਤਰਾਜ਼ ਜਤਾਇਆ। ਦੋਸ਼ੀ ਇਕ ਕਾਲ ਸੈਂਟਰ 'ਚ ਨੌਕਰੀ ਕਰਦਾ ਸੀ ਪਰ ਨਸ਼ੇ ਦੀ ਆਦਤ ਕਾਰਨ ਉਸ ਦੀ ਨੌਕਰੀ ਚਲੀ ਗਈ। ਇਸ ਤੋਂ ਬਾਅਦ ਉਸ ਨੇ ਆਪਣੇ ਦੋ ਸਾਥੀਆਂ ਦੇ ਨਾਲ ਆਪਣੇ ਮਾਤਾ-ਪਿਤਾ ਦਾ ਕਤਲ ਕਰਨ ਦੀ ਸਾਜ਼ਿਸ਼ ਰਚੀ ਤੇ ਉਸ ਨੇ ਉਨ੍ਹਾਂ ਦੀ ਉਦੋਂ ਹੱਤਿਆ ਕੀਤੀ ਜਦੋਂ ਉਹ ਸੌ ਰਹੇ ਸਨ।
ਡੀ.ਸੀ.ਪੀ. ਨੇ ਦੱਸਿਆ ਕਿ ਮਕਾਨ ਦੀ ਪਹਿਲੀ ਮੰਜ਼ਿਲ 'ਤੇ 28 ਅਪ੍ਰੈਲ ਨੂੰ ਲਾਸ਼ਾਂ ਬਰਾਮਦ ਹੋਈਆਂ। ਐਮਸ 'ਚ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਰਿਪੋਰਟ 'ਚ ਕਿਹਾ ਗਿਆ ਹੈ ਕਿ ਗਲਾ ਘੁੱਟਣ ਦੇ ਕਾਰਨ ਉਨ੍ਹਾਂ ਦੀ ਮੌਤ ਹੋਈ। ਇਸ ਸਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 21 ਮਈ ਨੂੰ ਪੁੱਛਗਿੱਛ ਦੇ ਦੌਰਾਨ ਰਹਿਮਾਨ ਆਪਣੇ ਮਾਤਾ-ਪਿਤਾ ਦਾ ਕਤਲ ਕਰਨ ਦੀ ਗੱਲ ਕਬੂਲ ਕਰ ਲਈ। ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।