ਰਿਹਾਅ ਹੋਣ ਤੋਂ ਬਾਅਦ ਪ੍ਰਿਅੰਕਾ ਬੋਲੀ- ''ਮੇਰੇ ਤੋਂ ਜ਼ਬਰਦਸਤੀ ਮੁਆਫ਼ੀਨਾਮੇ ''ਤੇ ਸਾਈਨ ਕਰਵਾਏ''

05/15/2019 3:02:36 PM

ਕੋਲਕਾਤਾ— ਮਮਤਾ ਬੈਨਰਜੀ ਦੀ ਤਸਵੀਰ ਸ਼ੇਅਰ ਕਰਨ ਕਾਰਨ ਜੇਲ 'ਚ 5 ਦਿਨ ਬਿਤਾਉਣ ਤੋਂ ਬਾਅਦ ਪ੍ਰਿਅੰਕਾ ਸ਼ਰਮਾ ਆਖਰਕਾਰ ਰਿਹਾਅ ਹੋ ਗਈ ਹੈ। ਜੇਲ 'ਚੋਂ ਰਿਹਾਅ ਹੋਣ ਮਗਰੋਂ ਪ੍ਰਿਅੰਕਾ ਸ਼ਰਮਾ ਮੀਡੀਆ ਸਾਹਮਣੇ ਆਈ। ਪ੍ਰਿਅੰਕਾ ਨੇ ਕਿਹਾ ਕਿ ਉਸ ਨੇ ਕੁਝ ਗਲਤ ਨਹੀਂ ਕੀਤਾ ਅਤੇ ਉਹ ਆਪਣੀ ਲੜਾਈ ਜਾਰੀ ਰੱਖੇਗੀ। ਪ੍ਰਿਅੰਕਾ ਨੇ ਇਹ ਵੀ ਦੱਸਿਆ ਕਿ ਉਸ ਤੋਂ ਪੁਲਸ ਨੇ ਜ਼ਬਰਦਸਤੀ ਮੁਆਫ਼ੀਨਾਮੇ 'ਤੇ ਸਾਈਨ ਕਰਵਾਏ। ਉਸ ਨੇ ਦੱਸਿਆ ਕਿ ਮੈਂ ਕਈ ਵਾਰ ਕਿਹਾ ਕਿ ਮੈਨੂੰ ਮੇਰੇ ਵਕੀਲ ਅਤੇ ਪਰਿਵਾਰ ਨਾਲ ਗੱਲ ਕਰਨ ਦਿੱਤੀ ਜਾਵੇ ਪਰ ਮੇਰੀ ਕੋਈ ਗੱਲ ਨਹੀਂ ਸੁਣੀ ਗਈ। ਮੈਂ ਪਿੱਛੇ ਨਹੀਂ ਹਟਾਂਗੀ ਅਤੇ ਇਸ ਵਿਰੁੱਧ ਲੜਾਈ ਜਾਰੀ ਰੱਖਾਂਗੀ। ਪ੍ਰਿਅੰਕਾ ਨੇ ਅੱਗੇ ਕਿਹਾ ਕਿ ਮੈਨੂੰ ਕੋਈ ਅਫਸੋਸ ਨਹੀਂ ਹੈ ਅਤੇ ਮੈਂ ਅਜਿਹਾ ਕੁਝ ਨਹੀਂ ਕੀਤਾ ਕਿ ਜਿਸ ਕਾਰਨ ਮੁਆਫ਼ੀ ਮੰਗਣੀ ਪਵੇ। ਜੁਲਾਈ ਵਿਚ ਮੇਰੇ ਮਾਮਲੇ ਦੀ ਸੁਣਵਾਈ ਹੋਵੇਗੀ ਅਤੇ ਮੈਂ ਆਪਣਾ ਪੱਖ ਰੱਖਾਂਗੀ। ਉਸ ਨੇ ਕਿਹਾ ਕਿ ਮੈਂ ਇਕ ਤਸਵੀਰ ਸ਼ੇਅਰ ਕੀਤੀ ਸੀ ਅਤੇ ਮੈਨੂੰ ਨਹੀਂ ਲੱਗਦਾ ਕਿ ਇਸ ਵਿਚ ਕੁਝ ਗਲਤ ਹੈ।



ਪ੍ਰਿਅੰਕਾ ਨੇ ਦੱਸਿਆ ਕਿ ਜੇਲ ਵਿਚ ਉਸ ਨਾਲ ਬਦਸਲੂਕੀ ਕੀਤੀ ਗਈ। ਜੇਲਰ 'ਤੇ ਧੱਕਾ ਮਾਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੈਨੂੰ ਚੰਗਾ ਖਾਣਾ ਵੀ ਨਹੀਂ ਦਿੱਤਾ ਗਿਆ। ਉਸ ਨੇ ਜੇਲ ਵਿਚ ਵਾਸ਼ਰੂਮ ਦੀ ਖਰਾਬ ਹਾਲਤ ਅਤੇ ਪੀਣ ਵਾਲਾ ਪਾਣੀ ਨਾ ਹੋਣ ਦਾ ਦੋਸ਼ ਲਾਇਆ। ਉਸ ਨੇ ਕਿਹਾ ਕਿ ਮੈਂ ਭਾਜਪਾ ਨਾਲ ਜੁੜੀ ਹਾਂ ਅਤੇ ਇਸ ਕਾਰਨ ਮੈਨੂੰ ਨਿਸ਼ਾਨਾ ਬਣਾਇਆ ਗਿਆ। ਪ੍ਰਿਅੰਕਾ ਨੇ ਕਿਹਾ ਕਿ ਜੇਕਰ ਇਕ ਤਸਵੀਰ ਸ਼ੇਅਰ ਕਰਨ 'ਤੇ ਮੈਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜੇਲ ਵਿਚ ਰਹਿਣਾ ਪਿਆ ਤਾਂ ਫਿਰ ਬੰਗਾਲ ਦੀ ਸੀ. ਐੱਮ. ਨੂੰ ਵੀ ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਬਹੁਤ ਕੁਝ ਬੋਲਿਆ ਹੈ। 

 



ਦੱਸਣਯੋਗ ਹੈ ਕਿ ਪ੍ਰਿਅੰਕਾ ਨੂੰ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਫੋਟੋਸ਼ਾਪ ਫੋਟੋ ਸ਼ੇਅਰ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਵਿਰੁੱਧ ਉਸ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ।

Tanu

This news is Content Editor Tanu