ਮਮਤਾ ਸਰਕਾਰ ਨੇ ਬਣਾਇਆ ਘਪਲਿਆਂ ਦਾ ਬੰਗਾਲ ਮਾਡਲ

07/24/2022 11:12:06 PM

ਨਵੀਂ ਦਿੱਲੀ (ਵਿਸ਼ੇਸ਼) : ਪੱਛਮੀ ਬੰਗਾਲ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਨ੍ਹਾਂ ਦੇ ਮੰਤਰੀ ਜਨਤਾ ਨੂੰ ਲੁੱਟਣ ਵਿਚ ਲੱਗੇ ਹੋਏ ਹਨ ਅਤੇ ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਘਪਲੇ ’ਤੇ ਘਪਲੇ। ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅਧਿਆਪਕ ਭਰਤੀ ਘਪਲੇ ਦਾ ਪਰਦਾਫਾਸ਼ ਕੀਤਾ ਹੈ, ਜਿਸ ’ਚ ਸਰਕਾਰ ਦੇ 2 ਮੰਤਰੀ ਸ਼ਾਮਲ ਹਨ। ਸਿੱਖਿਆ ਰਾਜ ਮੰਤਰੀ ਪਰੇਸ਼ ਚੰਦਰ ਅਧਿਕਾਰੀ ਅਤੇ ਉਨ੍ਹਾਂ ਦੀ ਧੀ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਮਮਤਾ ਸਰਕਾਰ ’ਚ ਕੋਲਾ ਘਪਲਾ, ਪਸ਼ੂ ਤਸਕਰੀ ਘਪਲਾ, ਸ਼ਾਰਦਾ ਚਿੱਟਫੰਡ ਘਪਲਾ, ਰੋਜ਼ ਵੈਲੀ ਘਪਲਾ ਹੋਇਆ ਹੈ। ਮਮਤਾ ਬੈਨਰਜੀ ਸਰਕਾਰ ਨੇ ਲੱਗਦਾ ਹੈ ਕਿ ਘਪਲਿਆਂ ਦਾ ਬੰਗਾਲ ਮਾਡਲ ਬਣਾ ਦਿੱਤਾ ਹੈ। ਮਮਤਾ ਸਰਕਾਰ ਦੇ ਘਪਲਿਆਂ ’ਤੇ ਇਕ ਨਜ਼ਰ :

ਅਧਿਆਪਕ ਭਰਤੀ ਘਪਲਾ/ਐੱਸ. ਐੱਸ. ਸੀ. ਭਰਤੀ ਘਪਲਾ

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਧਿਆਪਕ ਭਰਤੀ ਘਪਲੇ ’ਚ ਮਮਤਾ ਸਰਕਾਰ ਵਿਚ ਇੱਕ ਮੰਤਰੀ ਪਾਰਥ ਚੈਟਰਜੀ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀ ਅਰਪਿਤਾ ਮੁਖਰਜੀ ਨੂੰ ਹਿਰਾਸਤ ’ਚ ਲਿਆ, ਜਿਸ ਦੇ ਘਰੋਂ ਲਗਭਗ 20 ਕਰੋੜ ਰੁਪਏ ਮਿਲੇ ਹਨ।
ਕਲਕੱਤਾ ਹਾਈਕੋਰਟ ਦੀਆਂ ਹਦਾਇਤਾਂ ’ਤੇ ਈ. ਡੀ. ਦੀ ਟੀਮ ਪੱਛਮੀ ਬੰਗਾਲ ਸਕੂਲ ਸੇਵਾ ਕਮਿਸ਼ਨ ਭਰਤੀ ਘਪਲੇ ਦੇ ਦੋਸ਼ੀ ਪਾਰਥਾ ਚੈਟਰਜੀ ਦੇ ਘਰ ਪਹੁੰਚੀ ਸੀ। ਜਦੋਂ ਇਹ ਕਥਿਤ ਘਪਲਾ ਹੋਇਆ ਸੀ ਤਾਂ ਚੈਟਰਜੀ ਸੂਬੇ ਦੇ ਸਿੱਖਿਆ ਮੰਤਰੀ ਸਨ। ਪਾਰਥ ਚੈਟਰਜੀ ਇਸ ਸਮੇਂ ਉਦਯੋਗ ਅਤੇ ਵਣਜ ਮੰਤਰੀ ਹਨ।
ਇਸ ਘਪਲੇ ਦੀ ਸਭ ਤੋਂ ਵੱਡੀ ਉਦਾਹਰਣ ਸਿੱਖਿਆ ਰਾਜ ਮੰਤਰੀ ਪਰੇਸ਼ ਚੰਦਰ ਅਧਿਕਾਰੀ ਦੀ ਬੇਟੀ ਅੰਕਿਤਾ ਦੀ ਨਿਯੁਕਤੀ ਹੈ। 77 ਵਾਲੇ ਨੂੰ ਛੱਡ ਕੇ 61 ਨੰਬਰ ਲੈਣ ਵਾਲੀ ਮੰਤਰੀ ਦੀ ਧੀ ਨੂੰ ਨਿਯੁਕਤੀ ਦਿੱਤੀ ਗਈ। ਮਾਮਲੇ ਦੀ ਸ਼ੁਰੂਆਤ 2018 ’ਚ ਹੋਈ ਸੀ। ਉਸ ਸਮੇਂ ਪਾਰਥ ਚੈਟਰਜੀ ਮਮਤਾ ਬੈਨਰਜੀ ਸਰਕਾਰ ’ਚ ਸਿੱਖਿਆ ਮੰਤਰੀ ਸਨ। ਫਿਰ 1002 ਅਜਿਹੇ ਲੋਕ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਨੇ ਜਾਂ ਤਾਂ ਪ੍ਰੀਖਿਆ ਨਹੀਂ ਦਿੱਤੀ ਜਾਂ ਪਾਸ ਨਹੀਂ ਹੋਏ।

ਕੋਲਾ ਘਪਲਾ

ਪੱਛਮੀ ਬੰਗਾਲ ’ਚ ਕੋਲਾ ਤਸਕਰੀ ਮਾਮਲੇ ’ਚ 1300 ਕਰੋੜ ਰੁਪਏ ਦਾ ਕਾਲਾ ਧਨ ਅਤੇ ਇਸ ਦਾ ਵੱਡਾ ਹਿੱਸਾ ਸੂਬੇ ਦੇ ਕੁਝ ਪ੍ਰਮੁੱਖ ਨੇਤਾਵਾਂ ਤੱਕ ਪਹੁੰਚਣ ਦਾ ਪਤਾ ਲੱਗਾ ਹੈ। ਸੀ. ਬੀ. ਆਈ. ਨੇ ਆਪਣੀ ਪਹਿਲੀ ਚਾਰਜਸ਼ੀਟ ’ਚ ਕਿੰਗਪਿੰਨ ਅਨੂਪ ਮਾਂਝੀ ਸਮੇਤ 41 ਲੋਕਾਂ ਦਾ ਜ਼ਿਕਰ ਕੀਤਾ ਹੈ। ਅਨੂਪ ਮਾਂਝੀ ਦੇ ਨਾਲ-ਨਾਲ ਵਿਨੈ ਮਿਸ਼ਰਾ, ਬਿਕਾਸ਼ ਮਿਸ਼ਰਾ, ਗੁਰੂਪਦ ਮਾਂਝੀ, ਜਾਇਦੇਬ ਬਰਮਨ ਅਤੇ 8 ਗ੍ਰਿਫਤਾਰ ਕੀਤੇ ਗਏ ਈ. ਸੀ. ਐੱਲ. ਨਾਮ ਹਨ।
ਸੀ. ਬੀ. ਆਈ. ਅਤੇ ਈ. ਡੀ. ਦੋਵਾਂ ਨੇ ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਸਕੱਤਰ ਅਭਿਸ਼ੇਕ ਬੈਨਰਜੀ, ਉਨ੍ਹਾਂ ਦੀ ਪਤਨੀ ਰੁਜੀਰਾ ਬੈਨਰਜੀ ਤੋਂ ਕੋਲਾ ਚੋਰੀ ਘਪਲੇ ’ਚ ਉਨ੍ਹਾਂ ਦੀ ਕਥਿਤ ਸ਼ਮੂਲੀਅਤ ਲਈ ਪੁੱਛਗਿੱਛ ਕੀਤੀ ਹੈ। ਟੀ. ਐੱਮ. ਸੀ. ਮੰਤਰੀ ਮੋਲੋਏ ਘਟਕ ਅਤੇ ਟੀ. ਐੱਮ. ਸੀ. ਵਿਧਾਇਕ ਸੁਸ਼ਾਂਤ ਮਹਾਤੋ ਨੂੰ ਵੀ ਈ. ਡੀ. ਨੇ ਰਾਸ਼ਟਰੀ ਰਾਜਧਾਨੀ ’ਚ ਤਲਬ ਕੀਤਾ ਸੀ।

ਪਸ਼ੂ ਤਸਕਰੀ ਘਪਲਾ

ਬੰਗਲਾਦੇਸ਼ ਨਾਲ ਲੱਗਦੀ ਪੱਛਮੀ ਬੰਗਾਲ ਦੀ ਸਰਹੱਦ ਪਾਰੋਂ ਪਸ਼ੂਆਂ ਦੀ ਤਸਕਰੀ ਦਾ ਵਪਾਰ 20 ਹਜ਼ਾਰ ਕਰੋੜ ਰੁਪਏ ਦਾ ਦੱਸਿਆ ਜਾਂਦਾ ਹੈ ਅਤੇ ਇਸ ਰੈਕੇਟ ’ਚ ਨੇਤਾ, ਅਧਿਕਾਰੀ, ਪੁਲਸ, ਸੁਰੱਖਿਆ ਬਲ ਆਦਿ ਸਾਰੇ ਸ਼ਾਮਲ ਹਨ। ਸੀ. ਬੀ. ਆਈ. ਟੀ. ਐੱਮ. ਸੀ. ਦੇ ਬੀਰਭੂਮ ਦੇ ਜ਼ਿਲ੍ਹਾ ਪ੍ਰਧਾਨ ਅਨੁਵਰਤ ਮੰਡਲ ਤੋਂ ਪਸ਼ੂ ਤਸਕਰੀ ਦੇ ਮਾਮਲੇ ’ਚ ਕਰੀਬ 4 ਘੰਟੇ ਪੁੱਛਗਿੱਛ ਕੀਤੀ। ਅਨੁਵਰਤ ਮੰਡਲ ਦੇ ਬਾਡੀਗਾਰਡ ਸਾਇਗੁਲ ਹੁਸੈਨ ਨੂੰ ਸੀ.ਬੀ.ਆਈ. ਨੇ ਗ੍ਰਿਫ਼ਤਾਰ ਕਰ ਲਿਆ ਹੈ। 
ਕਲਕੱਤਾ ਹਾਈਕੋਰਟ ਦੇ ਨਿਰਦੇਸ਼ ’ਤੇ ਸੀ. ਬੀ. ਆਈ. ਇਸ ਤੋਂ ਪਹਿਲਾਂ 21 ਸਤੰਬਰ, 2020 ਨੂੰ, ਭਾਰਤ-ਬੰਗਲਾਦੇਸ਼ ਸਰਹੱਦ ’ਤੇ ਗੈਰ-ਕਾਨੂੰਨੀ ਤੌਰ ’ਤੇ ਪਸ਼ੂਆਂ ਦੀ ਤਸਕਰੀ ਕਰਨ ਲਈ ਕੁਝ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਸੀ. ਬੀ. ਆਈ. ਇਸ ਮਾਮਲੇ ਦੇ ਸਰਗਣਾ ਮੁਹੰਮਦ ਇਨਾਮੁਲ ਹੱਕ ਨੂੰ ਨਵੰਬਰ 2020 ’ਚ ਨਵੀਂ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਸ਼ਾਰਦਾ ਚਿੱਟ ਫੰਡ ਘਪਲਾ

ਸ਼ਾਰਦਾ ਚਿੱਟ ਫੰਡ ਮਾਮਲਾ ਪੱਛਮੀ ਬੰਗਾਲ ਦਾ ਇਕ ਵੱਡਾ ਘਪਲਾ ਹੈ। ਸ਼ਾਰਦਾ ਗਰੁੱਪ ਦੀ ਸਥਾਪਨਾ ਸੁਦੀਪਤਾ ਸੇਨ ਨੇ 2006 ਵਿੱਚ ਕੀਤੀ ਸੀ। ਉਹ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਰੀਬੀ ਦੱਸੇ ਜਾਂਦੇ ਹਨ। 4 ਸਾਲਾਂ 'ਚ ਇਸ ਕੰਪਨੀ ਨੇ ਕਰੀਬ 40 ਹਜ਼ਾਰ ਕਰੋੜ ਦੀ ਕਮਾਈ ਕੀਤੀ ਸੀ। ਕਰੀਬ 2500 ਕਰੋੜ ਦਾ ਘਪਲਾ ਹੋਣ ਦਾ ਅਨੁਮਾਨ ਹੈ।
ਇਸ ਘਪਲੇ 'ਚ ਤ੍ਰਿਣਮੂਲ ਕਾਂਗਰਸ ਦੇ 2 ਵਾਰ ਸੰਸਦ ਰਹੇ ਮੈਂਬਰ ਕੁਣਾਲ ਘੋਸ਼ ਅਤੇ ਬੰਗਾਲ ਦੇ ਸਾਬਕਾ ਡੀ.ਜੀ.ਪੀ. ਰਜਤ ਮਜੂਮਦਾਰ, ਫੁੱਟਬਾਲ ਕਲੱਬ ਦੇ ਦੇਬਾਬਰਤਾ ਸਰਕਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ਾਰਦਾ ਘਪਲੇ ਦੀ ਜਾਂਚ ਲਈ ਬਣਾਈ ਐੱਸ.ਆਈ.ਟੀ. ਟੀਮ ਦੀ ਅਗਵਾਈ ਕਰ ਰਹੇ ਰਾਜੀਵ ਕੁਮਾਰ 'ਤੇ ਕੁਝ ਵੱਡੇ ਲੋਕਾਂ ਨੂੰ ਬਚਾਉਣ ਲਈ ਲੋੜੀਂਦੇ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦਾ ਦੋਸ਼ ਸੀ।

ਰੋਜ਼ ਵੈਲੀ ਘਪਲਾ

ਕੋਲਕਾਤਾ ਦੀ ਰੋਜ਼ ਵੈਲੀ ਕੰਪਨੀ ਨੇ 464 ਕਰੋੜ ਰੁਪਏ ਦਾ ਚਿੱਟ ਫੰਡ ਘਪਲਾ ਕੀਤਾ ਹੈ। ਸੀ.ਬੀ.ਆਈ. ਰੋਜ਼ ਵੈਲੀ ਗਰੁੱਪ ਦੇ ਮੁਖੀ ਗੌਤਮ ਕੁੰਡੂ ਦੀ ਪਤਨੀ ਸ਼ੁਭਰਾ ਕੁੰਡੂ ਨੂੰ ਕਰੋੜਾਂ ਰੁਪਏ ਦੇ ਚਿੱਟ ਫੰਡ ਘਪਲੇ ਦੇ ਸਿਲਸਿਲੇ 'ਚ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਰੋਜ਼ ਵੈਲੀ ਸਮੂਹ ਨੇ ਕਥਿਤ ਤੌਰ 'ਤੇ ਨਿਵੇਸ਼ 'ਤੇ ਚੰਗਾ ਰਿਟਰਨ ਦੇਣ ਦੇ ਬਹਾਨੇ ਹਜ਼ਾਰਾਂ ਲੋਕਾਂ ਦੇ ਪੈਸੇ ਹੜੱਪ ਲਏ। ਸੀ.ਬੀ.ਆਈ. ਸੂਤਰਾਂ ਮੁਤਾਬਕ ਰੋਜ਼ ਵੈਲੀ ਗਰੁੱਪ ਨੇ ਇਨ੍ਹਾਂ ਸਕੀਮਾਂ ਤਹਿਤ ਨਿਵੇਸ਼ਕਾਂ ਤੋਂ 12,000 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਹੈ।

ਨਾਰਦਾ ਸਟਿੰਗ ਆਪ੍ਰੇਸ਼ਨ

ਪੱਛਮੀ ਬੰਗਾਲ 'ਚ ਨਾਰਦਾ ਸਟਿੰਗ ਆਪ੍ਰੇਸ਼ਨ 2016 ਵਿੱਚ ਸਾਹਮਣੇ ਆਇਆ ਸੀ। ਨਾਰਦਾ ਸਟਿੰਗ ਆਪ੍ਰੇਸ਼ਨ ਪੱਛਮੀ ਬੰਗਾਲ ਵਿੱਚ ਨਾਰਦਾ ਨਿਊਜ਼ ਦੇ ਸੰਸਥਾਪਕ ਮੈਥਿਊ ਸੈਮੂਅਲ ਦੁਆਰਾ 2 ਸਾਲਾਂ ਤੋਂ ਵੱਧ ਸਮੇਂ ਤੱਕ ਚਲਾਇਆ ਗਿਆ ਸੀ। ਸੈਮੂਅਲ ਨੇ ਇਕ ਫਰਜ਼ੀ ਕੰਪਨੀ ਬਣਾਈ ਅਤੇ ਕਈ ਟੀ.ਐੱਮ.ਸੀ. ਮੰਤਰੀਆਂ, ਸੰਸਦ ਮੈਂਬਰਾਂ ਅਤੇ ਨੇਤਾਵਾਂ ਨਾਲ ਮਦਦ ਲਈ ਸੰਪਰਕ ਕੀਤਾ। ਉਨ੍ਹਾਂ 'ਚੋਂ ਕਈਆਂ ਨੂੰ ਟੀ.ਵੀ. ਫੁਟੇਜ 'ਚ ਪੈਸੇ ਲੈਂਦਿਆਂ ਦੇਖਿਆ ਗਿਆ। ਤ੍ਰਿਣਮੂਲ ਕਾਂਗਰਸ ਦੇ  ਨੇਤਾਵਾਂ - ਫਿਰਹਾਦ ਹਕੀਮ, ਮਦਨ ਮਿੱਤਰਾ, ਸੁਬਰਤ ਮੁਖਰਜੀ, ਸੋਵਨ ਚੈਟਰਜੀ  ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨਾਰਦਾ ਸਟਿੰਗ ਆਪ੍ਰੇਸ਼ਨ ਦੀ ਚਾਰਜਸ਼ੀਟ ਵਿੱਚ ਨਾਮਜ਼ਦ ਕੀਤਾ ਹੈ।


Manoj

Content Editor

Related News