ਨਿਰਭਿਆ ਕਾਂਡ ਬਰਸੀ : ਦੋਸ਼ ਨੂੰ ਔਰਤਾਂ ਲਈ ਬਿਹਤਰ ਸਥਾਨ ਬਣਾਓ- ਮਮਤਾ
Sunday, Dec 16, 2018 - 01:01 PM (IST)
ਕੋਲਕਾਤਾ— ਨਿਰਭਿਆ ਬਲਾਤਕਾਰ ਅਤੇ ਕਤਲਕਾਂਡ ਦੇ 6 ਸਾਲ ਪੂਰੇ ਹੋਣ ਮੌਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੇਸ਼ ਨੂੰ ਔਰਤਾਂ ਲਈ ਬਿਹਤਰ ਸਥਾਨ ਬਣਾਉਣ ਦੀ ਐਤਵਾਰ ਨੂੰ ਅਪੀਲ ਕੀਤੀ। ਬੈਨਰਜੀ ਨੇ ਟਵਿੱਟਰ 'ਤੇ ਲੋਕਾਂ ਨੂੰ ਔਰਤਾਂ ਦੇ ਖਿਲਾਫ ਹਿੰਸਾ ਖਤਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਲਿਖਿਆ,''ਦਿੱਲੀ 'ਚ ਹੋਏ ਭਿਆਨਕ ਨਿਰਭਿਆ ਹਾਦਸੇ ਦੇ ਐਤਵਾਰ ਨੂੰ 6 ਸਾਲ ਪੂਰੇ ਹੋ ਗਏ। ਇਸ ਹਾਦਸੇ ਨੇ ਦੇਸ਼ ਨੂੰ ਹਿਲਾ ਦਿੱਤਾ ਸੀ। ਇਕ ਸਮਾਜ ਦੇ ਤੌਰ 'ਤੇ ਸਾਨੂੰ ਦੇਸ਼ ਨੂੰ ਔਰਤਾਂ ਲਈ ਬਿਹਤਰ ਸਥਾਨ ਬਣਾਉਣਾ ਚਾਹੀਦਾ। ਔਰਤਾਂ ਦੇ ਖਿਲਾਫ ਹਿੰਸਾ ਨੂੰ 'ਨਾ' ਕਹੇ।''
ਜ਼ਿਕਰਯੋਗ ਹੈ ਕਿ 23 ਸਾਲਾ ਪੈਰਾਮੈਡੀਕਲ ਵਿਦਿਆਰਥਣ ਨਾਲ 16 ਦਸੰਬਰ 2012 ਨੂੰ ਚੱਲਦੀ ਬੱਸ 'ਚ ਸਮੂਹਕ ਬਲਾਤਕਾਰ ਕੀਤਾ ਗਿਆ ਸੀ ਅਤੇ ਫਿਰ ਉਸ ਨੂੰ ਉਸ ਦੇ ਪੁਰਸ਼ ਮਿੱਤਰ ਨਾਲ ਬੱਸ ਤੋਂ ਸੜਕ 'ਤੇ ਸੁੱਟ ਦਿੱਤਾ ਗਿਆ ਸੀ। ਪੀੜਤਾ ਤੋਂ ਬਾਅਦ 'ਚ ਇਲਾਜ ਲਈ ਸਿੰਗਾਪੁਰ ਲਿਜਾਇਆ ਗਿਆ ਪਰ ਉਹ ਬਚ ਨਹੀਂ ਸਕੀ। ਹਾਦਸੇ ਦੇ ਖਿਲਾਫ ਦੇਸ਼ 'ਚ ਵਿਆਪਕ ਪੱਧਰ 'ਤੇ ਪ੍ਰਦਰਸ਼ਨ ਕੀਤੇ ਗਏ। ਸਾਰੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ 'ਤੇ ਬਲਾਤਕਾਰ ਅਤੇ ਕਤਲ ਦਾ ਮਾਮਲਾ ਚਲਾਇਆ ਗਿਆ। ਇਨ੍ਹਾਂ ਦੋਸ਼ੀਆਂ 'ਚੋਂ ਇਕ ਨੇ ਜੇਲ 'ਚ ਹੀ ਖੁਦ ਨੂੰ ਫਾਂਸੀ ਲਗਾ ਲਈ ਸੀ, ਜਦੋਂ ਕਿ ਹਾਦਸੇ ਦੇ ਸਮੇਂ ਉਨ੍ਹਾਂ 'ਚੋਂ ਇਕ ਨਾਬਾਲਗ ਸੀ, ਜਿਸ ਨੂੰ ਸੁਧਾਰ ਗ੍ਰਹਿ 'ਚ ਵਧ ਤੋਂ ਵਧ ਤਿੰਨ ਸਾਲ ਦੀ ਸਜ਼ਾ ਦਿੱਤੀ ਗਈ। ਹੋਰ ਚਾਰ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਪਾਏ ਗਏ। ਉਨ੍ਹਾਂ ਨੂੰ ਬਾਅਦ 'ਚ ਮੌਤ ਦੀ ਸਜ਼ਾ ਸੁਣਾਈ ਗਈ, ਜਿਸ 'ਤੇ ਅਜੇ ਅਮਲ ਨਹੀਂ ਹੋਇਆ ਹੈ।
