ਪੀ. ਐਮ. ਮੋਦੀ ਨੂੰ ਮਿਲਣ ਪਹੁੰਚੀ CM ਮਮਤਾ, ਅਹਿਮ ਮੁੱਦਿਆਂ 'ਤੇ ਕੀਤੀ ਚਰਚਾ

09/18/2019 6:02:57 PM

ਨਵੀਂ ਦਿੱਲੀ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੁੱਧਵਾਰ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਿੱਲੀ ਸਥਿਤ ਪੀ. ਐੱਮ. ਆਵਾਸ ਪੁੱਜੀ। ਮਮਤਾ ਨੇ ਨਰਿੰਦਰ ਮੋਦੀ ਨੂੰ ਮਠਿਆਈ ਅਤੇ ਕੁੜਤਾ ਭੇਟ ਕੀਤਾ। ਮਮਤਾ ਨੇ ਪੀ. ਐੱਮ. ਮੋਦੀ ਨੂੰ ਬੰਗਾਲ ਆਉਣ ਦਾ ਸੱਦਾ ਦਿੱਤਾ। ਦੋਹਾਂ ਨੇਤਾਵਾਂ ਵਿਚਾਲੇ ਕੁਝ ਖਾਸ ਮੁੱਦਿਆਂ ਨੂੰ ਲੈ ਕੇ ਚਰਚਾ ਵੀ ਹੋਈ। ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਸੂਬੇ ਲਈ 13,500 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬੰਗਾਲ ਦਾ ਨਾਮ ਬਦਲਣ ਦੀ ਗੱਲ ਵੀ ਰੱਖੀ, ਜੋ ਕਿ ਅਜੇ ਪੈਂਡਿੰਗ ਹੈ। ਮਮਤਾ ਨੇ ਮੁਲਾਕਾਤ ਤੋਂ ਬਾਅਦ ਕਿਹਾ ਕਿ ਪੀ. ਐੱਮ. ਨਾਲ ਮੁਲਾਕਾਤ ਚੰਗੀ ਰਹੀ। ਦੂਜੇ ਕਾਰਜਕਾਲ ਵਿਚ ਪੀ. ਐੱਮ. ਦੇ ਰੂਪ ਵਿਚ ਕਾਰਜਭਾਰ ਸੰਭਾਲਣ ਮਗਰੋਂ ਮੈਂ ਉਨ੍ਹਾਂ ਨੂੰ ਨਹੀਂ ਮਿਲੀ ਸੀ। ਮਮਤਾ ਨੇ ਕਿਹਾ ਕਿ ਮੈਂ ਪੀ. ਐੱਮ. ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਕੋਲਾ ਬਲਾਕ ਦਾ ਉਦਘਾਟਨ ਪੱਛਮੀ ਬੰਗਾਲ 'ਚ ਆ ਕੇ ਕਰਨ।

ਮਮਤਾ ਬੈਨਰਜੀ ਨੇ ਕਿਹਾ ਕਿ ਇਹ ਕੋਈ ਸਿਆਸੀ ਮੁਲਾਕਾਤ ਨਹੀਂ ਸੀ। ਮਮਤਾ ਨੇ ਭਾਜਪਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਮਿਤ ਸ਼ਾਹ ਸਮੇਂ ਦੇਣ ਤਾਂ ਮੈਂ ਉਨ੍ਹਾਂ ਨਾਲ ਵੀ ਮੁਲਾਕਾਤ ਕਰਾਂਗੀ। ਇੱਥੇ ਦੱਸ ਦੇਈਏ ਕਿ ਮਮਤਾ ਬੈਨਰਜੀ ਨੇ ਪੀ. ਐੱਮ. ਮੋਦੀ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਸੀ। ਮਮਤਾ 20 ਸਤੰਬਰ ਤਕ ਦਿੱਲੀ ਵਿਚ ਹੈ। 17 ਸਤੰਬਰ ਨੂੰ ਮੋਦੀ ਦਾ ਜਨਮ ਦਿਨ ਸੀ ਅਤੇ ਮਮਤਾ ਬੈਨਰਜੀ ਨੇ ਟਵੀਟ ਕਰ ਕੇ ਪੀ. ਐੱਮ. ਮੋਦੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਸਨ।

Tanu

This news is Content Editor Tanu