ਮਾਲੀਵਾਲ ਨੂੰ ਕਾਰ ਨਾਲ ਘੜੀਸਣ ਦਾ ਮਾਮਲਾ : ਪੁਲਸ ਨੇ ਘਟਨਾ ਦੀ CCTV ਫੁਟੇਜ ਕੀਤੀ ਬਰਾਮਦ

01/20/2023 4:05:36 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਦੀ ਮੁਖੀ ਸਵਾਤੀ ਮਾਲੀਵਾਲ ਨਾਲ ਏਮਜ਼ ਦੇ ਬਾਹਰ ਨਸ਼ੇ 'ਚ ਇਕ ਕਾਰ ਸਵਾਰ ਵਲੋਂ ਛੇੜਛਾੜ ਕਰਨ ਅਤੇ ਫਿਰ ਉਨ੍ਹਾਂ ਨੂੰ ਆਪਣੀ ਗੱਡੀ ਤੋਂ 10-15 ਮੀਟਰ ਤੱਕ ਘੜੀਸਣ ਦੀ ਘਟਨਾ ਨਾਲ ਜੁੜੀ ਸੀਸੀਟੀਵੀ ਫੁਟੇਜ ਪੁਲਸ ਨੇ ਬਰਾਮਦ ਕੀਤੀ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਕਲਿੱਪ 'ਚ ਦੇਖਿਆ ਜਾ ਸਕਦਾ ਹੈ ਕਿ ਮਾਲੀਵਾਲ ਫੁੱਟਪਾਥ 'ਤੇ ਇੰਤਜ਼ਾਰ ਕਰ ਰਹੀ ਹੈ ਅਤੇ ਇਕ ਕਾਰ ਡਰਾਈਵਰ ਉਨ੍ਹਾਂ ਨੂੰ ਕਾਰ 'ਚ ਬੈਠਣ ਨੂੰ ਕਹਿੰਦਾ ਹੈ। ਮਾਲੀਵਾਲ ਨੇ ਵੀਰਵਾਰ ਨੂੰ ਦੋਸ਼ ਲਗਾਇਆ ਸੀ ਕਿ ਏਮਜ਼ ਦੇ ਬਾਹਰ ਨਸ਼ੇ 'ਚ ਇਕ ਕਾਰ ਸਵਾਲ ਨੇ ਉਨ੍ਹਾਂ ਨਾਲ ਛੇੜਛਾੜ ਕੀਤੀ ਅਤੇ ਫਿਰ ਉਨ੍ਹਾਂ ਨੂੰ ਆਪਣੀ ਗੱਡੀ ਨਾਲ 10-15 ਮੀਟਰ ਤੱਕ ਘੜੀਸਿਆ। ਉਨ੍ਹਾਂ ਦਾ ਦਾਅਵਾ ਹੈ ਕਿ ਗੱਡੀ ਦੀ ਖਿੜਕੀ 'ਚ ਉਨ੍ਹਾਂ ਦਾ ਹੱਥ ਫਸ ਗਿਆ ਸੀ, ਉਦੋਂ ਵਾਹਨ ਡਰਾਈਵਰ ਨੇ ਕਾਰ ਅੱਗੇ ਵਧਾ ਦਿੱਤੀ। ਸਾਹਮਣੇ ਆਈ ਵੀਡੀਓ 'ਚ ਮਾਲੀਵਾਲ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਤੁਸੀਂ ਮੈਨੂੰ ਕਿੱਥੇ ਛੱਡੋਗੇ। ਮੈਂ ਘਰ ਜਾਣਾ ਹੈ। ਮੇਰੇ ਰਿਸ਼ਤੇਦਾਰ ਆਉਣ ਵਾਲੇ ਹਨ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਇਸ ਤੋਂ ਬਾਅਦ ਉਹ ਦੂਰ ਹਟ ਜਾਂਦੀ ਹੈ ਅਤੇ ਕਾਰ ਚੱਲੀ ਜਾਂਦੀ ਹੈ, ਜਦੋਂ ਕਿ ਕਾਰ ਡਰਾਈਵਰ ਕੁਝ ਦੇਰ ਬਾਅਦ ਫਿਰ ਆਉਂਦਾ ਹੈ ਅਤੇ ਮਾਲੀਵਾਲ ਨੂੰ ਕਾਰ 'ਚ ਬੈਠਣ ਨੂੰ ਕਹਿੰਦਾ ਹੈ।

 

ਪੁਲਸ ਨੇ ਵੀਰਵਾਰ ਤੜਕੇ ਹੋਈ ਘਟਨਾ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਦੱਖਣੀ ਦਿੱਲੀ ਦੇ ਸੰਗਮ ਵਿਹਾਰ ਵਾਸੀ 47 ਸਾਲਾ ਹਰੀਸ਼ ਚੰਦਰ ਵਜੋਂ ਹੋਈ ਹੈ। ਕਮਿਸ਼ਨ ਦੀ ਮੁਖੀ ਨੇ ਕਿਹਾ ਕਿ ਉਹ ਕੰਝਾਵਲਾ ਦੀ ਘਟਨਾ ਦੇ ਮੱਦੇਨਜ਼ਰ ਦਿੱਲੀ 'ਚ ਮਹਿਲਾ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਆਪਣੀ ਟੀਮ ਨਾਲ ਰਾਸ਼ਟਰੀ ਰਾਜਧਾਨੀ ਦੀਆਂ ਸੜਕਾਂ 'ਤੇ ਸੀ। ਘਟਨਾ ਦੇ ਸਮੇਂ ਉਨ੍ਹਾਂ ਟੀਮ ਉਨ੍ਹਾਂ ਤੋਂ ਕੁਝ ਦੂਰ ਸੀ। ਦੱਖਣੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ (ਡੀਸੀਪੀ) ਚੰਦਨ ਚੌਧਰੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਗਸ਼ਤੀ ਵਾਹਨ ਨੇ ਤੜਕੇ ਕਰੀਬ 3.05 ਵਜੇ ਏਮਜ਼ ਦੇ ਸਾਹਮਣੇ ਮਾਲੀਵਾਲ ਨੂੰ ਦੇਖਿਆ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਹ ਕਿਸੇ ਪਰੇਸ਼ਾਨੀ 'ਚ ਹਨ। ਉਨ੍ਹਾਂ ਅਨੁਸਾਰ, ਮਾਲੀਵਾਲ ਨੇ ਉਨ੍ਹਾਂ ਨੂੰ ਆਪਣੀ ਆਪਬੀਤੀ ਸੁਣਾਈ, ਜਿਸ ਤੋਂ ਬਾਅਦ ਉਸ ਕਾਰ ਦਾ ਪਤਾ ਲਗਾਇਆ ਗਿਆ ਅਤੇ ਕਾਰ ਡਰਾਈਵਰ ਚੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਚੌਧਰੀ ਨੇ ਦੱਸਿਆ  ਕਿ ਮਹਿਲਾ ਕਮਿਸ਼ਨ ਦੀ ਮੁਖੀ ਦੀ ਸ਼ਿਕਾਇਤ 'ਤੇ ਕਾਰ ਡਰਾਈਵਰ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 323 (ਜਾਣਬੁੱਝ ਕੇ ਸੱਟ ਪਹੁੰਚਾਉਣਾ), 341 (ਗਲਤ ਤਰੀਕੇ ਨਾਲ ਬਿਆਨ), 354 (ਮਹਿਲਾ ਦੀ ਮਰਿਆਦਾ ਨੂੰ ਠੇਸ ਪਹੁੰਚਾਉਣਾ ਜਾਂ ਅਪਰਾਧਕ ਬਲ ਦੀ ਵਰਤੋਂ) ਅਤੇ 509 ਦੇ ਨਾਲ-ਨਾਲ ਮੋਟਰ ਵਾਹਨ ਐਕਟ ਦੇ ਅਧੀਨ ਕੋਟਲਾ ਮੁਬਾਰਕਪੁਰ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha