ਮਾਲੇਗਾਓਂ ਧਮਾਕਾ : ਪੀੜਤ ਦੇ ਪਿਤਾ ਨੇ ਸਾਧਵੀ ਦੇ ਚੋਣ ਲੜਨ ''ਤੇ ਚੁੱਕਿਆ ਸਵਾਲ

04/18/2019 5:33:07 PM

ਨਵੀਂ ਦਿੱਲੀ— ਮਾਲੇਗਾਓਂ ਬੰਬ ਧਮਾਕਿਆਂ ਦੇ ਇਕ ਪੀੜਤ ਦੇ ਪਿਤਾ ਨੇ ਸਾਧਵੀ ਪ੍ਰਗਿਆਨ ਠਾਕੁਰ ਦੇ ਭੋਪਾਲ ਤੋਂ ਭਾਜਪਾ ਉਮੀਦਵਾਰ ਐਲਾਨ ਕੀਤੇ ਜਾਣ ਵਿਰੁੱਧ ਅਰਜ਼ੀ ਦਾਖਲ ਕੀਤੀ ਹੈ। ਇਕ ਨਿਊਜ਼ ਏਜੰਸੀ ਅਨੁਸਾਰ,''ਪੀੜਤ ਦੇ ਪਿਤਾ ਨੇ ਅਰਜ਼ੀ 'ਚ ਐੱਨ.ਆਈ.ਏ. ਕੋਰਟ ਦੇ ਸਾਹਮਣੇ ਸਾਧਵੀ ਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੀ ਉਮੀਦਵਾਰੀ 'ਤੇ ਸਵਾਲ ਚੁੱਕਿਆ ਹੈ। ਦਰਅਸਲ ਇਸ ਦਾ ਵੱਡਾ ਕਾਰਨ ਹੈ ਕਿ ਸਾਧਵੀ ਪ੍ਰਗਿਆ ਦੀ ਜ਼ਮਾਨਤ ਅਰਜ਼ੀ 'ਚ ਉਨ੍ਹਾਂ ਦੀ ਸਿਹਤ ਦਾ ਹਵਾਲਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਬੁੱਧਵਾਰ ਨੂੰ ਭੋਪਾਲ ਲੋਕ ਸਭਾ ਸੀਟ ਲਈ ਸਾਧਵੀ ਪ੍ਰਗਿਆ ਠਾਕੁਰ ਨੂੰ ਟਿਕਟ ਦਿੱਤਾ ਹੈ। ਇਸ ਸੀਟ 'ਤੇ ਉਨ੍ਹਾਂ ਦਾ ਸਿੱਧਾ ਮੁਕਾਬਲਾ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿੱਗਜ ਨੇਤਾ ਦਿਗਵਿਜੇ ਸਿੰਘ ਨਾਲ ਮੰਨਿਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ 29 ਸਤੰਬਰ 2008 ਨੂੰ ਨਾਸਿਕ ਦੇ ਮਾਲੇਗਾਓਂ ਸ਼ਹਿਰ 'ਚ ਇਕ ਬਾਈਕ 'ਚ ਬੰਬ ਲਗਾ ਕੇ ਧਮਾਕਾ ਕੀਤਾ ਗਿਆ ਸੀ। ਇਸ 'ਚ 7 ਲੋਕਾਂ ਦੀ ਮੌਤ ਹੋਈ ਸੀ ਅਤੇ ਕਰੀਬ 100 ਲੋਕ ਜ਼ਖਮੀ ਹੋਏ ਸਨ। ਇਸ ਮਾਮਲੇ 'ਚ ਸਾਧਵੀ ਪ੍ਰਗਿਆ ਅਤੇ ਕਰਨਲ ਪੁਰੋਹਿਤ ਨੂੰ ਅਕਤੂਬਰ 2008 'ਚ ਗ੍ਰਿਫਤਾਰ ਕੀਤਾ ਗਿਆ ਸੀ। ਪ੍ਰਗਿਆ 'ਤੇ ਮਕੋਕਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਵੀ ਲਗਾਈਆਂ ਗਈਆਂ ਹਨ। ਸਾਧਵੀ 'ਤੇ ਮਾਲੇਗਾਓਂ ਧਮਾਕੇ ਦੇ ਨਾਲ ਸੁਨੀਲ ਜੋਸ਼ੀ ਦੇ ਕਤਲ ਦਾ ਵੀ ਦੋਸ਼ ਹੈ। ਐੱਨ.ਆਈ.ਏ. ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਸੁਨੀਲ ਨੂੰ ਪ੍ਰਗਿਆ ਦੇ ਪ੍ਰਤੀ ਆਕਰਸ਼ਨ ਹੀ ਉਨ੍ਹਾਂ ਦੇ ਕਤਲ ਦਾ ਕਾਰਨ ਬਣਿਆ। 2017 'ਚ ਜਾਂਚ ਤੋਂ ਬਾਅਦ ਐੱਨ.ਆਈ.ਏ. ਨੇ ਕੋਰਟ ਨੂੰ ਕਿਹਾ ਕਿ ਉਸ ਨੂੰ ਪ੍ਰਗਿਆ ਠਾਕੁਰ ਨੂੰ ਜ਼ਮਾਨਤ 'ਤੇ ਛੱਡਣ 'ਚ ਪਰੇਸ਼ਾਨੀ ਨਹੀਂ ਹੈ, ਕਿਉਂਕਿ ਉਨ੍ਹਾਂ ਵਿਰੁੱਧ ਸਬੂਤ ਨਹੀਂ ਹਨ। ਜਿਸ ਤੋਂ ਬਾਅਦ 25 ਅਪ੍ਰੈਲ 2017 ਨੂੰ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਹੁਣ ਸਾਧਵੀ ਭੋਪਾਲ ਤੋਂ ਦਿਗਵਿਜੇ ਵਿਰੁੱਧ ਮੈਦਾਨ 'ਚ ਹੈ।

DIsha

This news is Content Editor DIsha